(Punjab Bureau) : ਮੁੱਖ ਮੰਤਰੀ ਭਗਵੰਤ ਮਾਨ ਸਰਕਾਰੀ ਸਕੂਲਾਂ ਦੇ 72 ਪ੍ਰਿੰਸੀਪਲਾਂ ਦੇ ਤੀਜੇ ਅਤੇ ਚੌਥੇ ਬੈਚ ਨੂੰ ਸਿੰਘਾਪੁਰ ਦੇ ਪਿ੍ਰੰਸੀਪਲਜ਼ ਅਕੈਡਮੀ ਵਿਖੇ ਟਰੇਨਿੰਗ ਹਾਸਲ ਕਰਨ ਲਈ 22 ਜੁਲਾਈ 2023 ਨੂੰ ਰਵਾਨਾ ਕਰਨਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਸੂਬੇ ਦੇ 66 ਪ੍ਰਿੰਸੀਪਲ ਪਹਿਲਾਂ ਹੀ 2 ਬੈਚਾਂ ਵਿੱਚ ਇਹ ਟਰੇਨਿੰਗ ਹਾਸਲ ਕਰ ਚੁੱਕੇ ਹਨ ਅਤੇ ਹੁਣ ਤੀਸਰੇ ਅਤੇ ਚੌਥੇ ਬੈਚ ਦੇ 72 ਪ੍ਰਿੰਸੀਪਲਾਂ ਨੂੰ ਸਿੰਘਾਪੁਰ ਵਿਖੇ ਟਰੇਨਿੰਗ ਹਾਸਲ ਕਰਨ ਲਈ ਭੇਜਿਆ ਜਾ ਰਿਹਾ ਹੈ। ਸ. ਬੈਂਸ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲ ਸਿੱਖਿਆ ਨੂੰ ਮਜ਼ਬੂਤ ਬਣਾਉਣ ਦੀ ਦਿਸ਼ਾ ਵਿੱਚ ਕਈ ਉਪਰਾਲੇ ਕੀਤੇ ਜਾ ਰਹੇ ਹਨ ਜਿੰਨ੍ਹਾਂ ਵਿੱਚੋਂ ਇੱਕ ਪ੍ਰਿੰਸੀਪਲਾਂ ਨੂੰ ਦੁਨੀਆਂ ਦੀ ਨਾਮੀ ਸੰਸਥਾ ਤੋਂ ਟਰੇਨਿੰਗ ਦਿਵਾਉਣ ਵੀ ਹੈ। ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਦੋ ਬੈਚ ਸਿੰਘਾਪੁਰ ਜਾ ਚੁੱਕੇ ਹਨ ਅਤੇ ਭਵਿੱਖ ਵਿੱਚ ਦੋ ਬੈਚ ਹੋਰ ਭੇਜਣ ਦੀ ਵੀ ਤਜਵੀਜ਼ ਹੈ।