ਰੇਲਵੇ ਸਟੇਸ਼ਨ ਸਬੰਧੀ ਮੀਡੀਆ ਰਿਪੋਰਟਾਂ ‘ਤੇ ਟਿੱਪਣੀ ਕਰਦਿਆਂ ਸਾਬਕਾ ਕਾਂਗਰਸੀ ਸੰਸਦ ਮੈਂਬਰ ਅਤੇ ਸਾਬਕਾ ਰੇਲ ਮੰਤਰੀ ਪਵਨ ਕੁਮਾਰ ਬੰਸਲ ਨੇ ਕਿਹਾ ਕਿ ਚੰਡੀਗੜ੍ਹ ‘ਚ ਭਾਜਪਾ ਦੇ ਰਾਜ ‘ਚ ਸ਼ਾਇਦ ਹੀ ਕੋਈ ਅਜਿਹਾ ਪ੍ਰੋਜੈਕਟ ਹੋਵੇ, ਜੋ ਸਮਾਂ ਸੀਮਾ ‘ਚ ਪੂਰਾ ਹੋਇਆ ਹੋਵੇ। ਚੰਡੀਗੜ੍ਹ ਰੇਲਵੇ ਸਟੇਸ਼ਨ ਦੇ ਸੁੰਦਰੀਕਰਨ ਦਾ ਪ੍ਰੋਜੈਕਟ ਦਾ ਇਹੀ ਹਾਲ ਹੈ। 10 ਸਾਲਾਂ ‘ਚ ਰੇਲਵੇ ਸਟੇਸ਼ਨ ਦਾ ਸਿਰਫ 60 ਫੀਸਦੀ ਕੰਮ ਹੀ ਪੂਰਾ ਹੋ ਸਕਿਆ ਹੈ, ਜਿਸ ਕਾਰਨ 10 ਅਪ੍ਰੈਲ ਦੀ ਸਮਾਂ ਸੀਮਾ ਵਧਾ ਕੇ 31 ਮਈ ਕਰ ਦਿੱਤੀ ਗਈ ਹੈ ਪਰ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਸਮਾਂ ਸੀਮਾ ਵੀ ਪੂਰੀ ਨਹੀਂ ਹੋਵੇਗੀ ਅਤੇ ਇਸ ਨੂੰ ਅੱਗੇ ਹੋਰ ਵੀ ਵਧਾਇਆ ਜਾਵੇਗਾ | ਜਿਸ ਕਾਰਨ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਇਸ ਵੱਲ ਸਰਕਾਰ ਦਾ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਕਾਂਗਰਸ ਨੇ ਰੇਲਵੇ ਸਟੇਸ਼ਨ ਨੂੰ ਵਿਸ਼ਵ ਪੱਧਰੀ ਬਣਾਉਣ ਦਾ ਖਾਕਾ ਤਿਆਰ ਕੀਤਾ ਸੀ ਪਰ ਭਾਜਪਾ ਸਰਕਾਰ ਨੇ ਇਸ ਪ੍ਰਾਜੈਕਟ ਨੂੰ ਸ਼ੁਰੂ ਕਰਨ ਲਈ ਕਈ ਸਾਲ ਲੱਗ ਗਏ, ਜਿਸ ਕਾਰਨ ਇਹ ਪ੍ਰਾਜੈਕਟ ਲਟਕ ਗਿਆ।
ਭਾਜਪਾ ‘ਤੇ ਤੰਜ ਕੱਸਦਿਆਂ ਪਵਨ ਬੰਸਲ ਨੇ ਕਿਹਾ ਕਿ ਭਾਜਪਾ ਦੇ ਪ੍ਰੋਜੈਕਟਾਂ ਨੂੰ ਪੂਰਾ ਕਰਨ ਦੀ ਸਮਾਂ ਸੀਮਾ ਸਿਰਫ਼ ਸੰਕਲਪ ਪੱਤਰ ਤੱਕ ਹੀ ਸੀਮਤ ਹੈ। ਇਸ ਤੋਂ ਇਲਾਵਾ ਰੇਲਵੇ ਸਟੇਸ਼ਨ ਤੋਂ ਟ੍ਰਿਬਿਊਨ ਫਲਾਈਓਵਰ ਨੂੰ 15 ਮਹੀਨਿਆਂ ‘ਚ ਪੂਰਾ ਕਰਨ ਦਾ ਵਾਅਦਾ ਕੀਤਾ ਗਿਆ ਸੀ, ਜੋ ਅਜੇ ਤੱਕ ਸ਼ੁਰੂ ਵੀ ਨਹੀਂ ਹੋਇਆ | ਇਸੇ ਤਰ੍ਹਾਂ ਡੱਡੂਮਾਜਰਾ ਵਿੱਚ ਕੂੜੇ ਦੇ ਪਹਾੜ ਨੂੰ ਦਸੰਬਰ 2020 ਤੱਕ ਖ਼ਤਮ ਕੀਤਾ ਜਾਣਾ ਸੀ ਪਰ ਇਸ ਦਾ ਕੰਮ ਵੀ 2024 ਵਿੱਚ ਸ਼ੁਰੂ ਹੋਇਆ ਹੈ।
ਬੰਸਲ ਨੇ ਕਿਹਾ ਕਿ ਕਾਂਗਰਸ ਦੇ ਸਮੇਂ ਚੰਡੀਗੜ੍ਹ ਰੇਲ ਨੈਟਵਰਕ ਰਾਹੀਂ ਦੇਸ਼ ਭਰ ਦੇ 100 ਸ਼ਹਿਰਾਂ ਨਾਲ ਸਿੱਧਾ ਜੁੜਿਆ ਹੋਇਆ ਸੀ, ਸ਼ਹਿਰ ਨੂੰ 10 ਨਵੀਆਂ ਟ੍ਰੇਨਾਂ ਮਿਲੀਆਂ ਸਨ, ਪਰ ਭਾਜਪਾ ਦੇ 10 ਸਾਲਾਂ ਦੇ ਕਾਰਜਕਾਲ ਦੌਰਾਨ ਇੱਕ ਵੰਦੇ ਭਾਰਤ ਨੂੰ ਛੱਡ ਕੇ ਕੋਈ ਵੀ ਰੇਲ ਗੱਡੀ ਸ਼ੁਰੂ ਨਹੀਂ ਹੋਈ। ਸਾਡੇ ਸਮੇਂ ਵਿੱਚ ਸਿਗਨਲ ਫੈਕਟਰੀ ਲਾਉਣ ਦਾ ਵੀ ਪ੍ਰਬੰਧ ਸੀ, ਜਿਸ ਵਿੱਚ 2500 ਦੇ ਕਰੀਬ ਨੌਜਵਾਨਾਂ ਨੂੰ ਰੁਜ਼ਗਾਰ ਮਿਲਣਾ ਸੀ, ਪਰ ਇਹ ਵੀ ਟਾਲ ਦਿੱਤਾ ਗਿਆ।
ਕੁੱਲ ਮਿਲਾ ਕੇ ਵਿਕਾਸ ਦੇ ਮਾਮਲੇ ‘ਚ ਭਾਜਪਾ ਨੇ ਚੰਡੀਗੜ੍ਹ ਨੂੰ 10 ਸਾਲਾਂ ‘ਚ 20 ਸਾਲ ਪਿੱਛੇ ਕਰ ਦਿੱਤਾ ਹੈ, ਜਿਸ ਨੂੰ ਮੁੜ ਲੀਹ ‘ਤੇ ਲਿਆਉਣ ਦਾ ਕੰਮ ਸਿਰਫ ਕਾਂਗਰਸ ਹੀ ਕਰ ਸਕਦੀ ਹੈ।