ਟਰਾਂਸਪੋਰਟ ਮੰਤਰੀ ਵੱਲੋਂ ਰਿਪੋਰਟ ਕੀਤੇ ਗਏ ਮੁਲਾਜ਼ਮਾਂ ਵਿਰੁੱਧ ਅਨੁਸ਼ਾਸਨੀ ਕਾਰਵਾਈ ਦੇ ਨਿਰਦੇਸ਼
(Punjab Bureau) : ਪੰਜਾਬ ਦੇ ਟਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਅੱਜ ਦੱਸਿਆ ਕਿ ਮਨਿਸਟਰਜ਼ ਫ਼ਲਾਇੰਗ ਸਕੁਐਡ ਵਲੋਂ ਸਰਕਾਰੀ ਬੱਸ ਵਿੱਚੋਂ ਡੀਜ਼ਲ ਚੋਰੀ ਦੇ ਮਾਮਲੇ ਵਿੱਚ ਇੱਕ ਹੋਰ ਡਰਾਈਵਰ ਨੂੰ ਕਾਬੂ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਫ਼ਲਾਇੰਗ ਸਕੁਐਡ ਨੇ ਬੀਤੀ ਰਾਤ ਰਵੀ ਢਾਬਾ ਨੇੜੇ ਸਤਨੌਰ (ਜ਼ਿਲ੍ਹਾ ਹੁਸ਼ਿਆਰਪੁਰ) ਵਿਖੇ ਚੈਕਿੰਗ ਦੌਰਾਨ ਪਠਾਨਕੋਟ ਡਿਪੂ ਦੀ ਬੱਸ ਨੰਬਰ ਪੀ.ਬੀ-06-ਏ.ਐਸ 8770 ਦੇ ਡਰਾਈਵਰ ਰਜਵੰਤ ਸਿੰਘ ਨੂੰ ਡੀਜ਼ਲ ਚੋਰੀ ਕਰਦਿਆਂ ਰੰਗੇ-ਹੱਥੀਂ ਕਾਬੂ ਕੀਤਾ। ਉਸ ਕੋਲੋਂ 22 ਲੀਟਰ ਡੀਜ਼ਲ ਬਰਾਮਦ ਹੋਇਆ ਹੈ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਕੀਤੀ ਗਈ ਚੈਕਿੰਗ ਦੌਰਾਨ ਸ਼ਹੀਦ ਭਗਤ ਸਿੰਘ ਨਗਰ ਡਿਪੂ ਦੀ ਬੱਸ ਪੀ.ਬੀ-32-ਪੀ 3661 ਦੇ ਕੰਡਕਟਰ ਨਿਤੀਸ਼ ਕੁਮਾਰ ਨੂੰ ਸਵਾਰੀਆਂ ਤੋਂ ਪੈਸੇ ਲੈ ਕੇ ਟਿਕਟ ਨਾ ਦੇਣ ਲਈ ਰਿਪੋਰਟ ਕੀਤਾ ਗਿਆ ਹੈ। ਕੰਡਕਟਰ ਨੇ ਸਵਾਰੀਆਂ ਤੋਂ 325 ਰੁਪਏ ਤਾਂ ਵਸੂਲ ਲਏ ਪਰ ਉਨ੍ਹਾਂ ਨੂੰ ਟਿਕਟ ਨਹੀਂ ਸੀ ਦਿੱਤੀ। ਇਸੇ ਤਰ੍ਹਾਂ ਰਾਏਪੁਰ ਖਲਿਆਣ ਵਿਖੇ ਚੈਕਿੰਗ ਦੌਰਾਨ ਜਲੰਧਰ-1 ਡਿਪੂ ਦੀ ਬੱਸ ਨੰਬਰ ਪੀ.ਬੀ-08-ਸੀ.ਐਕਸ 8714 ਦੇ ਕੰਡਕਟਰ ਗੁਰਜੀਤ ਸਿੰਘ ਨੂੰ ਵੀ ਸਵਾਰੀਆਂ ਨਾਲ 60 ਰਪਏ ਦੀ ਠੱਗੀ ਮਾਰਨ ਲਈ ਰਿਪੋਰਟ ਕੀਤਾ ਗਿਆ ਹੈ। ਮਨਿਸਟਰਜ਼ ਫ਼ਲਾਇੰਗ ਸਕੁਐਡ ਨੇ ਫ਼ਗਵਾੜਾ ਵਿਖੇ ਚੈਕਿੰਗ ਦੌਰਾਨ ਪੱਟੀ ਡਿਪੂ ਦੀ ਬੱਸ ਨੰਬਰ ਪੀ.ਬੀ-46-ਐਚ 9304 ਨੂੰ ਅਣਅਧਿਕਾਰਤ ਰੂਟ ‘ਤੇ ਚਲਦਾ ਪਾਇਆ। ਟਰਾਂਸਪੋਰਟ ਮੰਤਰੀ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਹੈ ਕਿ ਰਿਪੋਰਟ ਕੀਤੇ ਗਏ ਡਰਾਈਵਰਾਂ ਅਤੇ ਕੰਡਕਟਰਾਂ ਵਿਰੁੱਧ ਤੁਰੰਤ ਬਣਦੀ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇ।