“ਮੇਰੀ ਮਿੱਟੀ-ਮੇਰਾ ਦੇਸ਼” ਮੁਹਿੰਮ ਤਹਿਤ ਹਰ ਪਿੰਡ ਤੋਂ ਮਿੱਟੀ ਇਕੱਠੀ ਕਰਕੇ ਲਿਜਾਈ ਜਾਵੇਗੀ ਦਿੱਲੀ
(Punjab Bureau) : ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਅੱਜ ਦੱਸਿਆ ਕਿ ਪੰਜਾਬ ਆਪਣੇ ਮਹਾਨ ਆਜ਼ਾਦੀ ਘੁਲਾਟੀਆਂ ਅਤੇ ਸ਼ਹੀਦਾਂ ਦੀ ਯਾਦ ਵਿੱਚ ਹਰ ਪਿੰਡ ਵਿੱਚ ਯਾਦਗਾਰਾਂ ਬਣਾ ਕੇ ਉਨ੍ਹਾਂ ਨੂੰ ਵਿਲੱਖਣ ਤਰੀਕੇ ਨਾਲ ਸ਼ਰਧਾਂਜਲੀ ਦੇਵੇਗਾ। ਉਨ੍ਹਾਂ ਦੱਸਿਆ ਕਿ 9 ਤੋਂ 30 ਅਗਸਤ ਤੱਕ ਚੱਲਣ ਵਾਲੀ ”ਮੇਰੀ ਮਿੱਟੀ-ਮੇਰਾ ਦੇਸ਼” ਮੁਹਿੰਮ ਤਹਿਤ ਪਿੰਡ ਪੱਧਰ ਤੋਂ ਲੈ ਕੇ ਦਿੱਲੀ ਤੱਕ ਵੱਖ-ਵੱਖ ਪ੍ਰੋਗਰਾਮ ਕਰਵਾਏ ਜਾ ਰਹੇ ਹਨ।

Punjab Transport Minister S. Laljit Singh Bhullar
ਕੈਬਨਿਟ ਮੰਤਰੀ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਸੱਭਿਆਚਾਰਕ ਮੰਤਰਾਲੇ ਅਤੇ ਯੁਵਾ ਮਾਮਲੇ ਵਿਭਾਗ ਵੱਲੋਂ ‘ਆਜ਼ਾਦੀ ਕਾ ਅੰਮ੍ਰਿਤ ਮਹਾਂਉਤਸਵ’ ਦੀ ਸਮਾਪਤੀ ਵਜੋਂ ਦੇਸ਼-ਵਿਆਪੀ ‘ਮੇਰੀ ਮਿੱਟੀ-ਮੇਰਾ ਦੇਸ਼’ ਮੁਹਿੰਮ ਉਲੀਕੀ ਜਾ ਰਹੀ ਹੈ ਜਿਸ ਤਹਿਤ ਦੇਸ਼ ਲਈ ਆਪਾ ਵਾਰਨ ਵਾਲੇ ਆਜ਼ਾਦੀ ਘੁਲਾਟੀਆਂ, ਡਿਊਟੀ ਦੌਰਾਨ ਜਾਨਾਂ ਕੁਰਬਾਨ ਕਰਨ ਵਾਲੇ ਸੁਰੱਖਿਆ ਕਰਮੀਆਂ, ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਅਤੇ ਸੂਬੇ ਦੇ ਪੁਲਿਸ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ।
ਸ. ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ 9 ਅਗਸਤ ਤੋਂ 15 ਅਗਸਤ ਤੱਕ ਪੰਚਾਇਤ ਤੇ ਪਿੰਡ ਪੱਧਰ ‘ਤੇ ਵੱਖ-ਵੱਖ ਸਮਾਗਮ ਕਰਵਾਏ ਜਾਣਗੇ ਅਤੇ ਹਰੇਕ ਪਿੰਡ ਦੇ ਸ਼ਹੀਦਾਂ ਅਤੇ ਯੋਧਿਆਂ ਨੂੰ ਸ਼ਰਧਾਂਜਲੀ ਦੇਣ ਲਈ ਯਾਦਗਾਰਾਂ ਬਣਾਈਆਂ ਜਾਣਗੀਆਂ, ਜਿੱਥੇ ਪਿੰਡ ਦੇ ਸਾਰੇ ਮਹਾਨ ਯੋਧਿਆਂ ਦੇ ਨਾਮ ਉਕਰੇ ਜਾਣਗੇ। ਇਸ ਦੇ ਨਾਲ ਹੀ ਪੰਚਾਇਤਾਂ ਵੱਲੋਂ ਦੇਸ਼ ਲਈ ਜਾਨਾਂ ਕੁਰਬਾਨ ਕਰਨ ਵਾਲੇ ਆਜ਼ਾਦੀ ਘੁਲਾਟੀਆਂ, ਉਨ੍ਹਾਂ ਦੇ ਵਾਰਸਾਂ, ਰੱਖਿਆ ਸੇਵਾਵਾਂ, ਸੀ.ਏ.ਪੀ.ਐਫ. ਤੇ ਸੂਬਾ ਪੁਲਿਸ ਦੇ ਸੇਵਾ-ਮੁਕਤ ਜਵਾਨਾਂ ਤੇ ਬਹਾਦਰਾਂ ਯੋਧਿਆਂ ਦੇ ਪਰਿਵਾਰਾਂ ਦਾ ਸਨਮਾਨ ਕਰਨ ਲਈ ਸਮਾਰੋਹ ਕਰਵਾਏ ਜਾਣਗੇ।
ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਨੇ ਦੱਸਿਆ ਕਿ ਸਮਾਗਮ ਦੌਰਾਨ ਪਿੰਡ ਵਾਸੀ ਆਪਣੇ ਪਿੰਡ ਦੀ ਮਿੱਟੀ ਹੱਥਾਂ ਵਿੱਚ ਲੈ ਕੇ ਸਹੁੰ ਚੁੱਕਣਗੇ। ਇਸ ਤੋਂ ਇਲਾਵਾ ਹਰੇਕ ਪਿੰਡ ਵਿੱਚ 75 ਬੂਟੇ ਲਗਾਏ ਜਾਣਗੇ। ਲੋਕ ਆਪਣੇ ਹੱਥਾਂ ਵਿੱਚ ਮਿੱਟੀ ਲੈ ਕੇ ਸਹੁੰ ਚੁੱਕਦੇ ਹੋਏ ਸੈਲਫੀ ਲੈਣਗੇ ਅਤੇ ਇਸ ਨੂੰ ਸਮਰਪਿਤ ਵੈੱਬਸਾਈਟ ‘ਤੇ ਅਪਲੋਡ ਕਰਨਗੇ। ਕੈਬਨਿਟ ਮੰਤਰੀ ਨੇ ਦੱਸਿਆ ਕਿ ਹਰੇਕ ਪੰਚਾਇਤ/ਪਿੰਡ ਤੋਂ ਇਕੱਤਰ ਕੀਤੀ ਗਈ ਮਿੱਟੀ ਨੂੰ ਨੌਜਵਾਨ ਵਲੰਟੀਅਰਾਂ ਅਤੇ ਹੋਰ ਵਿਅਕਤੀਆਂ ਵੱਲੋਂ ਬਲਾਕ ਪੱਧਰ ਤੱਕ ਲਿਜਾਇਆ ਜਾਵੇਗਾ। ਬਲਾਕ ਪੱਧਰ ਤੋਂ ਸਾਰੀਆਂ ਪੰਚਾਇਤਾਂ/ਪਿੰਡਾਂ ਦੀ ਮਿੱਟੀ ਵਾਲੇ ਕਲਸ਼ਾਂ ਨੂੰ ਕੌਮੀ ਰਾਜਧਾਨੀ ਵਿਖੇ ਲਿਜਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਅਗਸਤ ਮਹੀਨੇ ਦੇ ਆਖ਼ਰੀ ਹਫ਼ਤੇ ਦਿੱਲੀ ਦੇ ਕਰਤੱਵ ਪੱਥ ਵਿਖੇ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਜਾਵੇਗਾ, ਜਿੱਥੇ ਦੇਸ਼ ਭਰ ਵਿੱਚੋਂ ਲਿਆਂਦੀ ਗਈ ਮਿੱਟੀ ਨਾਲ ਇੱਕ ਯਾਦਗਾਰ ਬਣਾਈ ਜਾਵੇਗੀ ਅਤੇ ਵਿਲੱਖਣ ਬਗੀਚਾ ਤਿਆਰ ਕੀਤਾ ਜਾਵੇਗਾ ਅਤੇ ਇਸ ਬਗੀਚੇ ਵਿੱਚ ਦੇਸੀ ਬੂਟੇ ਲਗਾਏ ਜਾਣਗੇ।