ਆਪ ਅਤੇ ਕਾਂਗਰਸ ਨੇ ਫਿਕਸ ਮੈਚ ਖੇਡ ਕੇ ਵਿਧਾਨ ਸਭਾ ਦੀ ਮਰਿਆਦਾ ਨੂੰ ਸ਼ਰਮਸਾਰ ਕੀਤਾ -ਜਾਖੜ
ਚੰਡੀਗੜ੍ਹ, 8 ਮਾਰਚ – ਭਾਰਤੀ ਜਨਤਾ ਪਾਰਟੀ ਨੇ ਪੰਜਾਬ ਦੇ ਵੋਟਰਾਂ ਤੋਂ ਸੁਝਾਅ ਲੈਣ ਲਈ ਸਾਰੇ 13 ਲੋਕ ਸਭਾ ਹਲਕਿਆਂ ਵਿੱਚ ਪ੍ਰਤੀ ਸੀਟ 2 ਵੈਨਾਂ ਭੇਜੀਆਂ । ਜਿਸ ਵਿੱਚੋਂ ਵਿਹਾਰਕਤਾ ਦੇ ਨਜ਼ਰੀਏ ਤੋਂ ਢੁਕਵੇਂ ਸੁਝਾਵਾਂ ਨੂੰ ਚੋਣ ਮੈਨੀਫੈਸਟੋ ਦਾ ਹਿੱਸਾ ਬਣਾਇਆ ਜਾਵੇਗਾ। ਇਹ ਜਾਣਕਾਰੀ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਭਾਜਪਾ ਦੇ ਸੂਬਾ ਹੈੱਡਕੁਆਰਟਰ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਿੱਤੀ।
ਜਾਖੜ ਨੇ ਅੱਗੇ ਕਿਹਾ ਕਿ ਇਸ ਪ੍ਰਕਿਰਿਆ ਰਾਹੀਂ ਮੋਦੀ ਵੱਲੋਂ ਪੰਜਾਬ ਦੇ ਸਾਰੇ ਸੰਸਦੀ ਹਲਕਿਆਂ ਦੀ ਨਬਜ਼ ਟਟੋਲ ਕੇ ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਸੰਭਾਵਿਤ ਕੰਮ ਕਰਨ ਦੀ ਗਾਰੰਟੀ ਦਿੱਤੀ ਜਾਵੇਗੀ।
ਪ੍ਰੈਸ ਕਾਨਫਰੰਸ ਵਿੱਚ ਇੰਚਾਰਜ ਸਟੇਟ ਸੈਲਸ ਭਾਜਪਾ ਰੰਜਮ ਕਾਮਰਾ ਵੀ ਮੌਜੂਦ ਸਨ। ਇਸ ਸਕੀਮ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਹਰ ਵੈਨ ਵਿੱਚ ਇੱਕ ਸੁਝਾਅ ਬਾਕਸ ਹੋਵੇਗਾ ਜਿਸ ਵਿੱਚ ਕੋਈ ਵੀ ਵਿਅਕਤੀ ਮੌਕੇ ‘ਤੇ ਹੀ ਆਪਣੇ ਸੁਝਾਅ ਦੇ ਸਕਦਾ ਹੈ। ਇਸ ਦੇ ਨਾਲ ਹੀ ਮਿਸਡ ਕਾਲ ਲਈ ਇੱਕ ਨੰਬਰ ਹੋਵੇਗਾ ਜਿਸ ‘ਤੇ ਮਿਸਡ ਕਾਲ ਦੇ ਜਵਾਬ ਵਿੱਚ ਇੱਕ ਕਾਲ ਆਵੇਗੀ।
ਜਿਸ ਵਿੱਚ ਜਨਤਾ ਦੇ ਸੁਝਾਅ ਰਿਕਾਰਡ ਕੀਤੇ ਜਾਣਗੇ। ਇਸ ਤੋਂ ਇਲਾਵਾ ਇੱਕ ਵਾਟਸਐਪ ਨੰਬਰ ਵੀ ਹੋਵੇਗਾ। ਇਸ ਵੈਨ ਵਿੱਚ ਪਾਰਟੀ ਦੀਆੰ ਵੱਖ-ਵੱਖ ਯੂਨਿਟਾਂ ਦੇ 2-2 ਨੁਮਾਇੰਦੇ ਵੀ ਹੋਣਗੇ ਤਾਂ ਜੋ ਕਿਸੇ ਨੂੰ ਵੀ ਕੁਝ ਸਮਝਣ ਵਿੱਚ ਦਿੱਕਤ ਆਉਂਦੀ ਹੈ ਤਾਂ ਮੌਕੇ ‘ਤੇ ਹੀ ਉਨ੍ਹਾਂ ਦੀ ਸਹਾਇਤਾ ਕੀਤੀ ਜਾ ਸਕੇ।
ਰੰਜਮ ਕਾਮਰਾ ਨੇ ਕਿਹਾ ਕਿ ਇਨ੍ਹਾਂ ਸਾਰੇ ਸੁਝਾਵਾਂ ਨੂੰ ਪੜ੍ਹ ਕੇ ਵਿਸ਼ਲੇਸ਼ਣ ਕੀਤਾ ਜਾਵੇਗਾ। ਇਸ ਸਮੁੱਚੀ ਪ੍ਰਕਿਰਿਆ ਦਾ ਮਕਸਦ ਪੰਜਾਬ ਦੇ ਸਮੂਹ ਨਾਗਰਿਕਾਂ ਦੇ ਮਨਾਂ ਨੂੰ ਸਮਝਣ ਅਤੇ ਉਨ੍ਹਾਂ ਦੀ ਸੋਚ ਨੂੰ ਪ੍ਰਮਾਣਿਤ ਕਰਨਾ ਹੈ ਤਾਂ ਜੋ ਭਾਜਪਾ ਦੇ ਚੋਣ ਪ੍ਰਬੰਧਾਂ ਅਤੇ ਸਰਕਾਰ ਦੇ ਕੰਮਕਾਜ ਵਿੱਚ ਮਿਲੇ ਸੁਝਾਵਾਂ ਨੂੰ ਜੋੜ ਕੇ ਪੰਜਾਬ ਦੀਆਂ ਵਿਹਾਰਕ ਲੋੜਾਂ ਨੂੰ ਪੂਰਾ ਕੀਤਾ ਜਾ ਸਕੇ। ਜਿਹੜੇ ਸੁਝਾਅ ਨਵੇਂ ਹਨ, ਸੂਬੇ ਲਈ ਲਾਹੇਵੰਦ ਹਨ ਅਤੇ ਅਮਲ ਦੇ ਲਾਇਕ ਮੰਨੇ ਜਾਂਦੇ ਹਨ, ਤਾਂ ਪ੍ਰਧਾਨਮੰਤਰੀ ਸ਼੍ਰੀ ਮੋਦੀ ਵੱਲੋਂ ਉਨ੍ਹਾਂ ਨੂੰ ਲਾਗੂ ਕਰਨ ਦੀ ਗਾਰੰਟੀ ਦਿੱਤੀ ਜਾਵੇਗੀ।
ਇਸ ਮੌਕੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਪਾਰਟੀ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਜਿਸ ਤਰ੍ਹਾਂ ਵਿਧਾਨ ਸਭਾ ‘ਚ ਤਾਲਾਬੰਦੀ ਅਤੇ ਰੌਲੇ-ਰੱਪੇ ਦਾ ਮਾਹੌਲ ਬਣਿਆ ਹੋਇਆ ਹੈ ਅਤੇ ‘ਆਪ’ ਅਤੇ ਕਾਂਗਰਸ ਦਾ ਜੋ ਸਾਂਝਾ ਡਰਾਮਾ ਜਨਤਾ ਨੇ ਦੇਖਿਆ ਹੈ, ਇਸ ਨਾਲ ਅਸੈਂਬਲੀ ਵਰਗੀ ਜਮਹੂਰੀਅਤ ਦੇ ਮੰਦਰ ਦੀ ਮਰਿਆਦਾ ਨੂੰ ਬਹੁਤ ਢਾਹ ਲੱਗੀ ਹੈ । ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਦਿਨ-ਦਿਹਾੜੇ ਗੋਲੀਬਾਰੀ ਕਰਕੇ ਕਤਲੇਆਮ ਹੋ ਰਹੇ ਹਨ ਅਤੇ ਜਿਸ ਤਰ੍ਹਾਂ ਮੁੱਖ ਮੰਤਰੀ ਨੇ ਵਿਧਾਨ ਸਭਾ ਨੂੰ ਅੰਦਰੋਂ ਤਾਲਾ ਲਾਉਣ ਲਈ ਘਰੋਂ ਤਾਲੇ ਲਿਆਏ ਹਨ, ਉਸ ਤੋਂ ਲੱਗਦਾ ਹੈ ਕਿ ਉਹ ਬਾਹਰਲੇ ਮਾਹੌਲ ਤੋਂ ਵੀ ਡਰੇ ਹੋਏ ਹਨ।
ਇਸ ਮੌਕੇ ਉਹਨਾਂ ਨਾਲ ਸਾਬਕਾ ਪ੍ਰਦੇਸ਼ ਪ੍ਰਧਾਨ ਸ਼ਵੈਤ ਮਾਲਿਕ, ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ, ਪ੍ਰਦੇਸ਼ ਜਨਰਲ ਸਕੱਤਰ ਪਰਮਿੰਦਰ ਬਰਾੜ, ਪ੍ਰਦੇਸ਼ ਮਿਤ ਪ੍ਰਧਾਨ ਸ਼੍ਰੀਮਤੀ ਜੈਸਮੀਨ ਸੰਧਾਵਾਲੀਆ ਅਤੇ ਸਟੇਟ ਮੀਡੀਆ ਇੰਚਾਰਜ ਵਿਨੀਤ ਜੋਸ਼ੀ ਵੀ ਹਾਜ਼ਰ ਸਨ।