ਚੰਡੀਗੜ੍ਹ, 6 ਸਤੰਬਰ
ਮੰਤਰੀ ਮੰਡਲ ਵੱਲੋਂ ਮਾਲੀਆ ਵਧਾਉਣ ਦੇ ਮਕਸਦ ਨਾਲ ਆਮ ਲੋਕਾਂ ਦੀਆਂ ਜੇਬਾਂ ਨੂੰ ਖੋਰਾ ਲਾਉਣ ਦੇ ਐਲਾਨ ਤੋਂ ਬਾਅਦ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਵੀਰਵਾਰ ਨੂੰ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ।
ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨੇ ਆਪਣੇ ਹੁਣ ਤੱਕ ਦੇ ਸਭ ਤੋਂ ਬੇਰਹਿਮ ਕਦਮ ਚੁੱਕਦਿਆਂ ਪਰਚੂਨ ਤੇਲ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ ਅਤੇ ਘਰੇਲੂ ਖਪਤਕਾਰ, ਜਿਨ੍ਹਾਂ ਦਾ ਲੋਡ 7 ਕਿੱਲੋ ਵਾਟ ਤੱਕ ਹੈ, ਨੂੰ ਸਬਸਿਡੀ ਵਾਲੀ ਬਿਜਲੀ ਦੇਣ ਦੀ ਸਕੀਮ ਵੀ ਵਾਪਸ ਲੈ ਲਈ ਹੈ। ਪੈਟਰੋਲ ਦੀ ਕੀਮਤ ਵਿੱਚ 0.61 ਪੈਸੇ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ ਵਿੱਚ 0.92 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ।
ਬਾਜਵਾ ਨੇ ਕਿਹਾ ਕਿ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧੇ ਨਾਲ ਨਾ ਸਿਰਫ਼ ਕਿਸਾਨਾਂ ਨੂੰ ਭਾਰੀ ਕੀਮਤ ਚੁਕਾਉਣੀ ਪਵੇਗੀ ਬਲਕਿ ਮਹਿੰਗਾਈ ਵੀ ਵਧੇਗੀ।
ਸੀਨੀਅਰ ਕਾਂਗਰਸੀ ਆਗੂ ਨੇ ਕਿਹਾ ਕਿ ਮਾਲੀਆ ਵਧਾਉਣ ਦੇ ਬਹਾਨੇ ‘ਆਪ’ ਸਰਕਾਰ ਆਮ ਲੋਕਾਂ ‘ਤੇ ਬੋਝ ਪਾ ਰਹੀ ਹੈ। ਇਸ ਤੱਥ ਦੇ ਬਾਵਜੂਦ, ਉਨ੍ਹਾਂ ਨੇ ਹੋਰ ਸਰੋਤਾ ਤੋਂ ਮਾਲੀਆ ਇਕੱਠਾ ਕਰਨ ਦਾ ਵਾਅਦਾ ਕੀਤਾ ਜਿਸ ਵਿੱਚ ਮਾਈਨਿੰਗ ਤੋਂ 20,000 ਕਰੋੜ ਰੁਪਏ ਅਤੇ ਭ੍ਰਿਸ਼ਟਾਚਾਰ ਨੂੰ ਖ਼ਤਮ ਕਰ ਕੇ 34,000 ਕਰੋੜ ਰੁਪਏ ਸ਼ਾਮਲ ਹਨ। ਠੀਕ ਦੋ ਹਫ਼ਤੇ ਪਹਿਲਾਂ ਸਰਕਾਰ ਨੇ ਮੋਟਰ ਵਹੀਕਲ ਟੈਕਸ ‘ਚ 0.5 ਤੋਂ 1 ਫ਼ੀਸਦੀ ਦਾ ਵਾਧਾ ਕੀਤਾ ਸੀ, ਜਿਸ ਨਾਲ ਮੱਧ ਵਰਗ ਅਤੇ ਸਮਾਜ ਦੇ ਕਮਜ਼ੋਰ ਵਰਗ ਲਈ ਕਾਰਾਂ ਅਤੇ ਦੋ ਪਹੀਆ ਵਾਹਨ ਸਸਤੇ ਨਹੀਂ ਰਹੇ ਹਨ।
ਉਨ੍ਹਾਂ ਕਿਹਾ ਕਿ ਜਦੋਂ ਤੋਂ ‘ਆਪ’ ਨੇ ਸੂਬੇ ‘ਚ ਸੱਤਾ ਸੰਭਾਲੀ ਹੈ, ਉਦੋਂ ਤੋਂ ਉਹ ਉਧਾਰ ਲਏ ਫ਼ੰਡਾਂ ਨਾਲ ਆਪਣੀਆਂ ਰੁਟੀਨ ਗਤੀਵਿਧੀਆਂ ਚਲਾ ਰਹੀ ਹੈ। ਵਿੱਤੀ ਸਾਲ 2024-25 ਦੇ ਅੰਤ ਤੱਕ ਪੰਜਾਬ ਦਾ ਬਕਾਇਆ ਕਰਜ਼ਾ 3.74 ਲੱਖ ਕਰੋੜ ਰੁਪਏ ਤੱਕ ਪਹੁੰਚਣ ਦਾ ਅਨੁਮਾਨ ਹੈ।
ਬਾਜਵਾ ਨੇ ਕਿਹਾ ਕਿ ਜਿਸ ਤਰ੍ਹਾਂ ‘ਆਪ’ ਸਰਕਾਰ ਅਰਥਵਿਵਸਥਾ ਨੂੰ ਸੰਭਾਲ ਰਹੀ ਹੈ, ਉਹ ਦਰਸਾਉਂਦੀ ਹੈ ਕਿ ‘ਆਪ’ ਸਰਕਾਰ ਦੇ ਢਾਈ ਸਾਲਾਂ ਦੇ ਕਾਰਜਕਾਲ ਦੌਰਾਨ ਪੰਜਾਬ ਤੇਜ਼ੀ ਨਾਲ ਦੀਵਾਲੀਆ ਹੋਣ ਵੱਲ ਵਧ ਰਿਹਾ ਹੈ।
ਵਿਰੋਧੀ ਧਿਰ ਦੇ ਆਗੂ ਨੇ ਕਿਹਾ ਕਿ ‘ਆਪ’ ਸਰਕਾਰ ਆਪਣੇ ਜਾਅਲੀ ਪ੍ਰਚਾਰ ‘ਤੇ ਟੈਕਸ ਭਰਨ ਵਾਲਿਆਂ ਦੇ ਪੈਸੇ ‘ਚੋਂ ਸਾਲਾਨਾ 750 ਕਰੋੜ ਰੁਪਏ ਬਰਬਾਦ ਕਰ ਰਹੀ ਹੈ। ਇਹ ਹਵਾਈ ਯਾਤਰਾ ‘ਤੇ ਵੀ ਕਰੋੜਾਂ ਰੁਪਏ ਖ਼ਰਚ ਕਰ ਰਹੀ ਹੈ। ਜੇ ਇਸ ਨੂੰ ਸੱਚਮੁੱਚ ਸੂਬੇ ਦੀ ਵਿਗੜਦੀ ਵਿੱਤੀ ਹਾਲਤ ਦੀ ਇੰਨੀ ਪਰਵਾਹ ਹੈ, ਤਾਂ ਉਸ ਨੂੰ ਇੰਨੀ ਲਾਪਰਵਾਹੀ ਨਾਲ ਖ਼ਰਚ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।