ਐਨ.ਡੀ.ਏ. ਸਰਕਾਰ ਦਾ ਤਰਕਹੀਣ ਅਤੇ ਅਣਉਚਿਤ ਕਦਮ ਭਾਰਤੀ ਫੌਜ ਦੇ ਬੁਨਿਆਦੀ ਤਾਣੇ-ਬਾਣੇ ਨੂੰ ਤਬਾਹ ਕਰ ਦੇਵੇਗਾ-ਭਗਵੰਤ ਮਾਨ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਕਿ ਕੇਂਦਰ ਦੀ ਐਨ.ਡੀ.ਏ. ਸਰਕਾਰ ਵੱਲੋਂ ਪ੍ਰਸਤਾਵਿਤ ‘ਅਗਨੀਪੱਥ’ ਸਕੀਮ ਦੀ ਮੁਖਾਲਫਤ ਕਰਨ ਲਈ ਸੂਬਾ ਸਰਕਾਰ ਛੇਤੀ ਹੀ ਵਿਧਾਨ ਸਭਾ ਵਿੱਚ ਮਤਾ ਲਿਆਵੇਗੀ।
ਸਿਫਰ ਕਾਲ ਦੌਰਾਨ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਉਠਾਏ ਗਏ ਮੁੱਦੇ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ, “ਅਗਨੀਪੱਥ ਸਕੀਮ ਐਨ.ਡੀ.ਏ ਸਰਕਾਰ ਦਾ ਤਰਕਹੀਣ ਅਤੇ ਅਣਉਚਿਤ ਕਦਮ ਹੈ ਜੋ ਭਾਰਤੀ ਫੌਜ ਦੇ ਮੁਢਲੇ ਸਰੂਪ ਨੂੰ ਤਬਾਹ ਕਰ ਦੇਵੇਗਾ।”
ਮੁੱਖ ਮੰਤਰੀ ਨੇ ਕਿਹਾ ਕਿ ਐਨ.ਡੀ.ਏ ਸਰਕਾਰ ਵੱਲੋਂ ਦੇਸ ਦੇ ਨੌਜਵਾਨਾਂ ਦੇ ਭਵਿੱਖ ਨੂੰ ਬਰਬਾਦ ਕਰਨ ਦਾ ਇਹ ਇਕ ਹੋਰ ਨਿਰਆਧਾਰ ਕਦਮ ਹੈ। ਉਨਾਂ ਕਿਹਾ ਕਿ ਭਾਜਪਾ ਆਗੂਆਂ ਨੂੰ ਛੱਡ ਕੇ ਕਿਸੇ ਨੇ ਵੀ ਨੋਟਬੰਦੀ, ਜੀ.ਐਸ.ਟੀ., ਖੇਤੀ ਕਾਨੂੰਨਾਂ ਆਦਿ ਵਰਗੀਆਂ ਸਕੀਮਾਂ ਦੇ ਗੁਣਾਂ ਨੂੰ ਨਹੀਂ ਸਮਝਿਆ। ਉਨਾਂ ਕਿਹਾ ਕਿ ‘ਅਗਨੀਪੱਥ’ ਵੀ ਅਜਿਹਾ ਬੇਬੁਨਿਆਦ ਕਦਮ ਹੈ, ਜਿਸ ਨੂੰ ਕੋਈ ਵੀ ਸਮਝ ਨਹੀਂ ਸਕਦਾ। ਭਗਵੰਤ ਮਾਨ ਨੇ ਕਿਹਾ ਕਿ ਇਹ ਬਹੁਤ ਮੰਦਭਾਗਾ ਅਤੇ ਨਾ-ਮੰਨਣਯੋਗ ਹੈ ਕਿ ਇੱਕ ਨੌਜਵਾਨ 17 ਸਾਲ ਦੀ ਉਮਰ ਤੋਂ ਬਾਅਦ ਫੌਜ ਵਿੱਚ ਭਰਤੀ ਹੋ ਜਾਵੇਗਾ ਅਤੇ 21 ਸਾਲ ਦੀ ਉਮਰ ਵਿੱਚ ਸਿਰਫ ਚਾਰ ਸਾਲ ਬਾਅਦ ਹੀ ਸੇਵਾ-ਮੁਕਤ ਹੋ ਜਾਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਦੁਖਦਾਇਕ ਗੱਲ ਹੈ ਕਿ ਜੋ ਨੌਜਵਾਨ ਭਰ ਜਵਾਨੀ ਵਿੱਚ ਦੇਸ ਦੀ ਸੇਵਾ ਕਰੇਗਾ, ਉਸ ਨੂੰ ਇਸ ਸੇਵਾ ਬਦਲੇ ਕੋਈ ਪੈਨਸਨ ਜਾਂ ਹੋਰ ਲਾਭ ਨਹੀਂ ਮਿਲੇਗਾ। ਭਗਵੰਤ ਮਾਨ ਨੇ ਕਿਹਾ ਕਿ ਇਹ ਦੇਸ ਦੇ ਉਨਾਂ ਨੌਜਵਾਨਾਂ ਲਈ ਬਹੁਤ ਵੱਡਾ ਘਾਟਾ ਹੈ ਜੋ ਆਪਣੀ ਸਰੀਰਕ ਯੋਗਤਾ ਦੇ ਆਧਾਰ ‘ਤੇ ਹਥਿਆਰਬੰਦ ਸੈਨਾਵਾਂ ‘ਚ ਭਰਤੀ ਹੋ ਕੇ ਆਪਣੀ ਮਾਤ ਭੂਮੀ ਦੀ ਸੇਵਾ ਕਰਨਾ ਚਾਹੁੰਦੇ ਹਨ। ਉਨਾਂ ਕਿਹਾ ਕਿ ‘ਅਗਨੀਪੱਥ’ ਸਕੀਮ ਦੇਸ ਦੀ ਤਰਸਯੋਗ ਸਥਿਤੀ ਨੂੰ ਬਿਆਨ ਕਰਦੀ ਹੈ ਕਿਉਂਕਿ ਕੇਂਦਰ ਦੀ ਸੱਤਾਧਾਰੀ ਪਾਰਟੀ ਲਾਪਰਵਾਹੀ ਢੰਗ ਨਾਲ ਆਪਣਾ ਕੰਮ ਬਿਨਾਂ ਸੋਚੇ ਸਮਝੇ ਕਰ ਰਹੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਦੇਸ ਦੇ ਨੌਜਵਾਨਾਂ ਨਾਲ ਘੋਰ ਬੇਇਨਸਾਫੀ ਹੈ ਜੋ ਕਿਸੇ ਵੀ ਕੀਮਤ ‘ਤੇ ਸਹਿਣਯੋਗ ਨਹੀਂ ਹੈ। ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਕੇਂਦਰ ਸਰਕਾਰ ਦੇ ਇਸ ਬੇਹੂਦਾ ਕਦਮ ਦਾ ਡਟਵਾਂ ਵਿਰੋਧ ਕਰਦੀ ਹੈ ਅਤੇ ਇਸ ਦੇ ਵਿਰੋਧ ਦਾ ਮਤਾ ਬਹੁਤ ਜਲਦ ਲਿਆਂਦਾ ਜਾਵੇਗਾ। ਉਨਾਂ ਨੇ ਨੌਜਵਾਨਾਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਇਸ ਕਦਮ ਦਾ ਪੂਰੀ ਤਾਕਤ ਨਾਲ ਵਿਰੋਧ ਕਰਨ ਲਈ ਸਾਰੀਆਂ ਪਾਰਟੀਆਂ ਦੇ ਸਹਿਯੋਗ ਦੀ ਮੰਗ ਕੀਤੀ।