ਆਪ ਸਰਕਾਰ ਦਾ ਟੀਚਾ ਵਿੱਤੀ ਮੰਦੀ ਅਤੇ ਕੁਦਰਤੀ ਆਫ਼ਤ ਦਰਮਿਆਨ 8 ਤੋਂ 10 ਸੀਟਾਂ ਵਾਲੇ ਫਿਕਸਡ ਵਿੰਗ ਜੈੱਟ ਜਹਾਜ਼ ਨੂੰ ਲੀਜ਼ ‘ਤੇ ਦੇਣ ਦਾ ਹੈ: ਵਿਰੋਧੀ ਧਿਰ ਦੇ ਆਗੂ
(Punjab Bureau) : ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਦਰਪੇਸ਼ ਵਿੱਤੀ ਮੰਦੀ ਅਤੇ ਕੁਦਰਤੀ ਆਫ਼ਤ ਦਰਮਿਆਨ ਜਹਾਜ਼ ਲੀਜ਼ ‘ਤੇ ਲੈਣ ਦੀ ਯੋਜਨਾ ਨੂੰ ਲੈ ਕੇ ਤਿੱਖੀ ਆਲੋਚਨਾ ਕੀਤੀ ਹੈ।ਵੱਖ-ਵੱਖ ਅਖ਼ਬਾਰਾਂ ਵਿਚ ਛਪੇ ਟੈਂਡਰ ਨੋਟਿਸ ਦਾ ਹਵਾਲਾ ਦਿੰਦੇ ਹੋਏ ਬਾਜਵਾ ਨੇ ਕਿਹਾ ਕਿ ‘ਆਪ’ ਸਰਕਾਰ ਦਾ ਟੀਚਾ ਹੁਣ 8 ਤੋਂ 10 ਸੀਟਾਂ ਵਾਲਾ ਫਿਕਸਡ ਵਿੰਗ ਜੈੱਟ ਜਹਾਜ਼ ਲੀਜ਼ ‘ਤੇ ਲੈਣਾ ਹੈ। ਸੀਨੀਅਰ ਕਾਂਗਰਸੀ ਆਗੂ ਬਾਜਵਾ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਵੀਵੀਆਈਪੀ ਕਲਚਰ ਬਣਾਉਣ ਲਈ ਸਿਆਸਤਦਾਨਾਂ ਦਾ ਮਜ਼ਾਕ ਉਡਾਉਂਦੇ ਸਨ। ਹੁਣ ਉਹ ਹੋਰ ਸਿਆਸਤਦਾਨਾਂ ਨਾਲੋਂ ਵੀ ਵੱਡਾ ਵੀਵੀਆਈਪੀ ਬਣ ਗਿਆ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੋਲ ਸੂਬੇ ਦੇ ਹੜ੍ਹ ਪੀੜਤਾਂ ਨੂੰ ਰਾਹਤ ਦੇਣ ਲਈ ਫ਼ੰਡ ਨਹੀਂ ਹਨ, ਫਿਰ ਵੀ ਉਨ੍ਹਾਂ ਕੋਲ 8 ਤੋਂ 10 ਸੀਟਾਂ ਵਾਲਾ ਫਿਕਸਡ ਵਿੰਗ ਜੈੱਟ ਜਹਾਜ਼ ਕਿਰਾਏ ‘ਤੇ ਲੈਣ ਲਈ ਪੈਸੇ ਹਨ। ਕਿਸਾਨਾਂ ਨੇ ਮੁਆਵਜ਼ੇ ਦੀ ਤੁਰੰਤ ਅਦਾਇਗੀ ਦੀ ਮੰਗ ਨੂੰ ਲੈ ਕੇ ਪਹਿਲਾਂ ਹੀ ਵਿਰੋਧ ਪ੍ਰਦਰਸ਼ਨ ਕੀਤਾ ਹੈ। ਇਸ ਦੌਰਾਨ ਕਿਸਾਨਾਂ ਨੇ 4 ਸਤੰਬਰ ਤੋਂ ਨਵਾਂ ਅੰਦੋਲਨ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਬਾਜਵਾ ਨੇ ਕਿਹਾ ਕਿ ਉਹ (ਮਾਨ) ਵੱਖ-ਵੱਖ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਪਣੀ ਪਾਰਟੀ ਦੇ ਵਿਸਥਾਰ ਲਈ ਇਸ ਜਹਾਜ਼ ‘ਤੇ ਪੰਜਾਬ ਦੇ ਟੈਕਸ ਭਰਨ ਵਾਲਿਆਂ ਦਾ ਪੈਸਾ ਬਰਬਾਦ ਕਰ ਰਹੇ ਹਨ। ਇਸ ਜਹਾਜ਼ ਦੀ ਵਰਤੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਮੇਤ ‘ਆਪ’ ਦੀ ਸੀਨੀਅਰ ਲੀਡਰਸ਼ਿਪ ਨੂੰ ਚੋਣਾਂ ਵਾਲੇ ਸੂਬਿਆਂ ‘ਚ ਰੈਲੀਆਂ ਲਈ ਲਿਜਾਣ ਲਈ ਕੀਤੀ ਜਾਵੇਗੀ। ਕੀ ਉਹ ਦੱਸ ਸਕਦੇ ਹਨ ਕਿ ਪੰਜਾਬ ਸਰਕਾਰ ਨੂੰ ਇਸ ਜਹਾਜ਼ ਦੀ ਲੋੜ ਕਿਉਂ ਹੈ?
ਉਨ੍ਹਾਂ ਕਿਹਾ ਕਿ ਪੰਜਾਬ ਦੀ ਵਿੱਤੀ ਹਾਲਤ ਪਹਿਲਾਂ ਹੀ ਗੰਭੀਰ ਸੰਕਟ ਨਾਲ ਜੂਝ ਰਹੀ ਹੈ। ਇੱਥੋਂ ਤੱਕ ਕਿ ਸਰਕਾਰ ਦੀਆਂ ਰੁਟੀਨ ਗਤੀਵਿਧੀਆਂ ਵੀ ਉਧਾਰ ਲਏ ਪੈਸੇ ਨਾਲ ਚਲਾਈਆਂ ਜਾ ਰਹੀਆਂ ਹਨ। ਬਾਜਵਾ ਨੇ ਕਿਹਾ ਕਿ ਜਦੋਂ ਸੂਬੇ ਵਿਚ ਹਰ ਕੋਈ ਜਾਣਦਾ ਹੈ ਕਿ ਪੰਜਾਬ ‘ਤੇ 3 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ ਤਾਂ ਜਹਾਜ਼ ਕਿਰਾਏ ‘ਤੇ ਲੈਣਾ ਇੱਕ ਅਜੀਬ ਮਾਮਲਾ ਬਣ ਜਾਂਦਾ ਹੈ। ਵਿਰੋਧੀ ਧਿਰ ਦੇ ਆਗੂ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਪਾਰਟੀ ਦੇ ਵਿਸਥਾਰ ਲਈ ਸੂਬੇ ਦੇ ਖ਼ਜ਼ਾਨੇ ਨੂੰ ਲਾਪਰਵਾਹੀ ਨਾਲ ਬਰਬਾਦ ਕਰਨ ਤੋਂ ਪਹਿਲਾਂ ਸੂਬੇ ਦੀ ਆਰਥਿਕ ਸਥਿਤੀ ਨੂੰ ਠੀਕ ਰੱਖਣ। ਉਸ ਨੂੰ ਆਪਣੀਆਂ ਤਰਜੀਹਾਂ ਨੂੰ ਜਾਣਨਾ ਚਾਹੀਦਾ ਹੈ ਅਤੇ ਸੂਬੇ ਵਿੱਚ ਵਿੱਤੀ ਸਥਿਤੀ ਨੂੰ ਸੁਚਾਰੂ ਬਣਾਉਣ ਲਈ ਤਨਦੇਹੀ ਨਾਲ ਕੰਮ ਕਰਨ ਦੀ ਜ਼ਰੂਰਤ ਹੈ।