ਚੰਡੀਗੜ੍ਹ 7 ਅਪ੍ਰੈਲ
ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਸ਼ਹੀਦਾਂ ਦੀ ਪਵਿੱਤਰ ਭੂਮੀ ਖਟਕੜ ਕਲਾਂ ਵਿਖੇ ਸਿਆਸੀ ਨਾਟਕ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਤਿੱਖਾ ਹਮਲਾ ਕੀਤਾ ਹੈ। ਉਹਨਾਂ ਨੇ ਆਖਿਆ ਹੈ ਕਿ ਮੁੱਖ ਮੰਤਰੀ ਨੂੰ ਪੰਜਾਬੀਆਂ ਤੋਂ ਇਸ ਲਈ ਮਾਫੀ ਮੰਗਣੀ ਚਾਹੀਦੀ ਹੈ।।
ਸੁਨੀਲ ਜਾਖੜ ਨੇ ਅੱਜ ਇਥੋਂ ਜਾਰੀ ਬਿਆਨ ਵਿੱਚ ਆਖਿਆ ਕਿ ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਸਭ ਦੇ ਸਾਂਝੇ ਹਨ ਅਤੇ ਉਹਨਾਂ ਦੇ ਜਨਮ ਸਥਾਨ ਤੇ ਜਾ ਕੇ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਨੇ ਸ਼ਰਾਬ ਨਾਲ ਸੰਬੰਧਿਤ ਘਪਲੇ ਵਿੱਚ ਫਸੇ ਆਪਣੇ ਆਗੂ ਦੀ ਤਰਫਦਾਰੀ ਦਾ ਡਰਾਮਾ ਕੀਤਾ ਹੈ ਇਸ ਨਾਲ ਲੱਖਾਂ ਪੰਜਾਬੀਆਂ ਦੇ ਹਿਰਦੇ ਵਲੂੰਦਰੇ ਗਏ ਹਨ। ਉਥੇ ਹੀ ਉਹਨਾਂ ਦਾ ਇਹ ਕਾਰਾ ਸ਼ਹੀਦੇ ਆਜ਼ਮ ਭਗਤ ਸਿੰਘ ਦੀ ਰੂਹ ਨੂੰ ਵੀ ਦੁੱਖ ਦੇਣ ਵਾਲਾ ਹੈ।
ਸੁਨੀਲ ਜਾਖੜ ਨੇ ਆਖਿਆ ਕਿ ਆਮ ਆਦਮੀ ਪਾਰਟੀ ਜੋ ਭ੍ਰਿਸ਼ਟਾਚਾਰ ਵਿੱਚ ਗਲਤਾਨ ਹੈ ਅਤੇ ਜਿਸ ਦੇ ਆਗੂਆਂ ਸਬੰਧੀ ਈਡੀ ਵੱਲੋਂ ਵਿਆਪਕ ਪੱਧਰ ਤੇ ਜਾਂਚ ਜਾਰੀ ਹੈ ਉਸਦੇ ਆਗੂ ਸ਼ਹੀਦਾਂ ਦਾ ਨਾਮ ਵਰਤ ਰਹੇ ਹਨ।
ਸੁਨੀਲ ਜਾਖੜ ਨੇ ਆਖਿਆ ਕਿ ਆਪ ਦੇ ਆਗੂ ਸ਼ਹੀਦੇ ਆਜ਼ਮ ਭਗਤ ਸਿੰਘ ਅਤੇ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੀ ਤਸਵੀਰ ਦੇ ਵਿਚਕਾਰ ਅਰਵਿੰਦ ਕੇਜਰੀਵਾਲ ਦੀ ਤਸਵੀਰ ਲਗਾ ਕੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਅਤੇ ਸੰਵਿਧਾਨ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ ਅਪਮਾਨ ਕਰ ਰਹੇ ਹਨ। ਜਿਸ ਦੇ ਖਿਲਾਫ ਦੇਸ਼ ਵਿਚ ਆਮ ਆਦਮੀ ਪਾਰਟੀ ਨੂੰ ਤਿੱਖਾ ਵਿਰੋਧ ਵੀ ਝੱਲਣਾ ਪਿਆ ਸੀ l ਇਸ ਲਈ ਪਾਰਟੀ ਨੂੰ ਮਾਫੀ ਮੰਗਣੀ ਚਾਹੀਦੀ ਹੈ।
ਸੁਨੀਲ ਜਾਖੜ ਨੇ ਆਖਿਆ ਕਿ ਇਸ ਤਰ੍ਹਾਂ ਦੇ ਪਖੰਡ ਕਰਨ ਨਾਲ ਵੀ ਸ਼ਰਾਬ ਘੁਟਾਲੇ ਦਾ ਦਾਗ ਧੋਤਾ ਨਹੀਂ ਜਾ ਸਕਦਾ ਅਤੇ ਆਮ ਆਦਮੀ ਪਾਰਟੀ ਨੂੰ ਲੋਕਾਂ ਦੀ ਕਚਹਿਰੀ ਵਿੱਚ ਜਵਾਬ ਦੇਣਾ ਪਵੇਗਾ ।
ਸੁਨੀਲ ਜਾਖੜ ਨੇ ਸੂਬੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਦੇ ਖਰਾਬੇ ਲਈ ਵੀ ਆਮ ਆਦਮੀ ਪਾਰਟੀ ਨੂੰ ਜਿੰਮੇਵਾਰ ਦੱਸਦਿਆਂ ਕਿਹਾ ਕਿ ਪਿਛਲੇ ਦੋ ਸਾਲਾਂ ਵਿੱਚ ਅਗਵਾਈ ਹੀਨ ਪੁਲਿਸ ਲੋਕਾਂ ਨੂੰ ਸੁਰੱਖਿਆ ਦੇਣ ਵਿੱਚ ਨਾਕਾਮ ਰਹੀ ਹੈ ਅਤੇ ਤਰਨ ਤਾਰਨ ਦੀ ਤਾਜ਼ਾ ਘਟਨਾ ਇਸ ਦਾ ਪ੍ਰਮਾਣ ਹੈ । ਉਹਨਾਂ ਆਖਿਆ ਕਿ ਚੰਗਾ ਹੁੰਦਾ ਅੱਜ ਮੁੱਖ ਮੰਤਰੀ ਭਗਵੰਤ ਮਾਨ ਖਟਕੜ ਕੜਾ ਵਿਖੇ ਵਰਤ ਰੱਖਣ ਦੀ ਬਜਾਏ ਤਰਨ ਤਾਰਨ ਵਿਖੇ ਜਾ ਕੇ ਵਰਤ ਰੱਖਦੇ ਅਤੇ ਉਸ ਪੀੜਤ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦੇ ਜਿਸ ਦੀ ਮਹਿਲਾ ਨੂੰ ਨਿਰਵਸਤਰ ਕਰਕੇ ਘੁਮਾਇਆ ਗਿਆ ਸੀ।।