ਮਹਿਜ਼ 8 ਮਹੀਨਿਆਂ ਵਿੱਚ 1.25 ਕਰੋੜ ਦੀ ਲਾਗਤ ਨਾਲ ਮੁਕੰਮਲ ਹੋਈ ਰਿਟੇਲ ਸਬਜ਼ੀ ਮੰਡੀ
ਉਦਘਾਟਨੀ ਸਮਾਗਮ ਦੌਰਾਨ 116 ਰੇਹੜੀ ਫੜੀ ਵਾਲਿਆਂ ਨੂੰ ਸੌਂਪੇ ਗਏ ਅਲਾਟਮੈਂਟ ਪੱਤਰ
ਹਰ ਪ੍ਰੋਜੈਕਟ ਨੂੰ ਨੇਕ ਨੀਅਤ ਤੇ ਇਮਾਨਦਾਰ ਸੋਚ ਨਾਲ ਚੜ੍ਹਾਇਆ ਜਾਵੇਗਾ ਨੇਪਰੇ : ਅਮਨ ਅਰੋੜਾ
(Punjab Bureau) : ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਅੱਜ ਸੁਨਾਮ ਸ਼ਹਿਰ ਦੇ ਨਿਵਾਸੀਆਂ ਨੂੰ 1.25 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਰਿਟੇਲ ਸਬਜ਼ੀ ਮੰਡੀ ਸਮਰਪਿਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਉਹ ਹਲਕਾ ਸੁਨਾਮ ਦੀ ਕਾਇਆ-ਕਲਪ ਲਈ ਨੇਕ ਨੀਅਤ ਤੇ ਇਮਾਨਦਾਰ ਸੋਚ ਦੇ ਆਧਾਰ ਉਤੇ ਹਰ ਪ੍ਰੋਜੈਕਟ ਨੂੰ ਪੂਰਾ ਕਰਨ ਲਈ ਵਚਨਬੱਧ ਹਨ। ਰਿਟੇਲ ਸਬਜ਼ੀ ਮੰਡੀ ਦੇ ਉਦਘਾਟਨ ਦੀ ਰਸਮ ਅਦਾ ਕਰਦਿਆਂ ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਇਹ ਰਿਟੇਲ ਸਬਜ਼ੀ ਮੰਡੀ ਉਨ੍ਹਾਂ ਦਾ ਡਰੀਮ ਪ੍ਰੋਜੈਕਟ ਹੈ ਅਤੇ ਮਹਿਜ਼ 8 ਮਹੀਨਿਆਂ ਵਿੱਚ ਇਸ ਨੂੰ ਸਾਕਾਰ ਕਰਨ ਨਾਲ ਪਹਿਲੇ ਪੜਾਅ ਵਜੋਂ ਸੁਨਾਮ ਸ਼ਹਿਰ ਦੇ ਅਜਿਹੇ ਸੈਂਕੜੇ ਰੇਹੜੀ ਫੜੀ ਵਾਲਿਆਂ ਨੂੰ ਰਾਹਤ ਮਿਲੀ ਹੈ ਜਿਹੜੇ ਪਿਛਲੇ ਕਈ ਦਹਾਕਿਆਂ ਤੋਂ ਮਾਤਾ ਮੋਦੀ ਚੌਂਕ ਤੋਂ ਸ਼ਿਵ ਨਿਕੇਤਨ ਚੌਂਕ ਤੱਕ ਸੜਕਾਂ ਦੇ ਕਿਨਾਰਿਆਂ ਉਤੇ ਘੰਟਿਆਂਬੱਧੀ ਖੜ੍ਹ ਕੇ ਆਪਣਾ ਰੋਜ਼ਗਾਰ ਚਲਾਉਣ ਨੂੰ ਮਜ਼ਬੂਰ ਸਨ।
ਕੈਬਨਿਟ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਪੁਰਾਣੀ ਸਬਜ਼ੀ ਮੰਡੀ ਵਿੱਚ ਲੋਕਾਂ ਅਤੇ ਫੜੀ ਰੇਹੜੀ ਵਾਲਿਆਂ ਨੂੰ ਦਰਪੇਸ਼ ਮੁਸ਼ਕਿਲਾਂ ਦੀ ਕਦੇ ਸਾਰ ਨਹੀਂ ਲਈ ਸੀ ਜਿਸ ਕਾਰਨ ਇਹ ਥਾਂ ਕਈ ਸਾਲ ਵੀਰਾਨ ਤੇ ਉਜਾੜ ਬਣੀ ਰਹੀ ਪਰ ਹੁਣ ਵਿਉਂਤਬੱਧ ਢੰਗ ਨਾਲ ਇਸ ਮੰਡੀ ਨੂੰ ਸ਼ਾਨਦਾਰ ਰਿਟੇਲ ਸਬਜ਼ੀ ਮੰਡੀ ਵਿੱਚ ਤਬਦੀਲ ਕਰਦਿਆਂ ਇਥੇ ਖਰੀਦਦਾਰੀ ਕਰਨ ਲਈ ਆਉਣ ਵਾਲੇ ਲੋਕਾਂ ਦੀ ਸੁਵਿਧਾ ਲਈ ਵਿਸ਼ਾਲ ਸਮਰੱਥਾ ਵਾਲੀ ਪਾਰਕਿੰਗ, ਵਾਸ਼ਰੂਮ ਆਦਿ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਅਤੇ ਬਹੁਤ ਜਲਦੀ ਹੀ ਫੜਾਂ ਉਤੇ ਸ਼ੈਡ ਪਾਉਣ ਦੀ ਪ੍ਰਕਿਰਿਆ ਆਰੰਭ ਕਰ ਦਿੱਤੀ ਜਾਵੇਗੀ। ਉਨ੍ਹਾਂ ਨੇ 116 ਰੇਹੜੀ ਫੜੀ ਵਾਲਿਆਂ ਨੂੰ ਅਲਾਟਮੈਂਟ ਪੱਤਰਾਂ ਦੀ ਵੰਡ ਵੀ ਕੀਤੀ।
ਕੈਬਨਿਟ ਮੰਤਰੀ ਨੇ ਅਲਾਟਮੈਂਟ ਪੱਤਰ ਹਾਸਲ ਕਰਨ ਵਾਲਿਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ 160 ਫੜਾਂ ਦਾ ਨਿਰਮਾਣ ਕਰਵਾ ਕੇ ਪੂਰੀ ਪਾਰਦਰਸ਼ੀ ਪ੍ਰਣਾਲੀ ਰਾਹੀਂ ਲੋੜਵੰਦਾਂ ਨੂੰ ਇਹ ਅਲਾਟਮੈਂਟ ਕੀਤੀ ਗਈ ਹੈ ਤਾਂ ਰੇਹੜੀ ਫੜੀ ਚਾਲਕਾਂ ਦੇ ਆਦਰ ਸਤਿਕਾਰ ਨੂੰ ਯਕੀਨੀ ਬਣਾਇਆ ਜਾ ਸਕੇ।
ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ, ਸਿਹਤ, ਸਰਕਾਰੀ ਨੌਕਰੀਆਂ, ਮੁਫ਼ਤ ਬਿਜਲੀ ਸਮੇਤ ਵੱਡੀ ਗਿਣਤੀ ਅਜਿਹੀਆਂ ਸੁਵਿਧਾਵਾਂ ਤੇ ਭਲਾਈ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ ਜਿਨ੍ਹਾਂ ਵਿੱਚ ਵੱਡੇ ਲੋਕ ਹਿੱਤਾਂ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਧਾਨ ਸਭਾ ਹਲਕਾ ਸੁਨਾਮ ਦੇ ਸਰਵਪੱਖੀ ਵਿਕਾਸ ਲਈ ਕਰੋੜਾਂ ਰੁਪਏ ਦੀਆਂ ਗਰਾਂਟਾਂ ਜਾਰੀ ਕੀਤੀ ਗਈਆਂ ਹਨ ਜਿਸ ਤਹਿਤ ਸਰਕਾਰੀ ਉਦਯੋਗਿਕ ਸਿਖਲਾਈ ਕੇਂਦਰ ਸੁਨਾਮ ਦੇ ਨਵੀਨੀਕਰਨ ਉਤੇ 3 ਕਰੋੜ 28 ਲੱਖ ਰੁਪਏ ਖਰਚੇ ਜਾ ਰਹੇ ਹਨ ਅਤੇ ਇਹ ਕਾਰਜ 99 ਫੀਸਦੀ ਪੂਰਾ ਹੋ ਚੁੱਕਾ ਹੈ।ਉਨ੍ਹਾਂ ਦੱਸਿਆ ਕਿ ਖਿਡਾਰੀਆਂ ਦੀ ਸੁਵਿਧਾ ਲਈ ਸਰਕਾਰੀ ਆਈ.ਟੀ.ਆਈ ਵਿਖੇ ਹੀ ਬਣ ਰਹੇ ਖੇਡ ਸਟੇਡੀਅਮ ਦੀ ਉਸਾਰੀ 1 ਕਰੋੜ 87 ਲੱਖ, ਸੁਨਾਮ ਤੇ ਈਲਵਾਲ ਵਿਖੇ ਬਿਜਲੀ ਗਰਿੱਡਾਂ ਦਾ ਨਿਰਮਾਣ, ਰੇਲਵੇ ਦੇ ਦੋਵੇਂ ਪਾਸੇ ਇੰਦਰਾ ਬਸਤੀ ਤੇ ਬਹੁ ਗਿਣਤੀ ਸ਼ਹਿਰ ਵਾਸੀਆਂ ਨੂੰ ਫਾਇਦਾ ਦੇਣ ਲਈ ਤੰਗ ਸੜਕ ਨੂੰ ਚੌੜਾ ਕਰਨ ਦਾ ਪ੍ਰੋਜੈਕਟ, 62 ਲੱਖ ਦੀ ਲਾਗਤ ਨਾਲ ਨੇਚਰ ਪਾਰਕ ਸਮੇਤ ਅਨੇਕਾਂ ਅਜਿਹੇ ਪ੍ਰੋਜੈਕਟ ਹਨ ਜੋ ਤੇਜ਼ੀ ਨਾਲ ਮੁਕੰਮਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਸੁਨਾਮ ਸ਼ਹਿਰ ਵਿਖੇ 2 ਆਮ ਆਦਮੀ ਕਲੀਨਿਕਾਂ ਨੂੰ ਸਥਾਪਤ ਕਰਨ ਅਤੇ 2 ਸਕੂਲ ਆਫ਼ ਐਮੀਨੈਂਸ ਬਣਨ ਨਾਲ ਵੀ ਇਸ ਦੀ ਸ਼ਾਨ ਵਿੱਚ ਵਾਧਾ ਹੋਇਆ ਹੈ। ਉਨ੍ਹਾਂ ਨੇ ਸਬਜ਼ੀ ਲਈ ਅਲਾਟ ਹੋਏ ਇੱਕ ਫੜ ਤੋਂ ਸਬਜ਼ੀ ਦੀ ਖਰੀਦ ਵੀ ਕੀਤੀ।
ਇਸ ਮੌਕੇ ਰੇਹੜੀ ਫੜੀ ਯੂਨੀਅਨ ਦੇ ਆਗੂ ਹੰਘੀ ਖਾਨ ਨੇ ਕੈਬਨਿਟ ਮੰਤਰੀ ਅਮਨ ਅਰੋੜਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਰੇਹੜੀ ਫੜੀ ਵਾਲੇ ਸਰਕਾਰ ਦੀ ਪਹਿਲ ਤੋਂ ਖੁਸ਼ ਹਨ ਅਤੇ ਇਸ ਨਾਲ ਯਕੀਨੀ ਤੌਰ ਤੇ ਬਜ਼ਾਰ ਵਿੱਚ ਟਰੈਫਿਕ ਸਮੱਸਿਆ ਤੇ ਆਵਾਰਾ ਪਸ਼ੂਆਂ ਤੋਂ ਰਾਹਤ ਮਿਲੇਗੀ।ਸਮੂਹ ਮਾਰਕੀਟ ਦੁਕਾਨਦਾਰਾਂ ਵੱਲੋਂ ਇਸ ਪ੍ਰੋਜੈਕਟ ਨੂੰ ਸਾਕਾਰ ਰੂਪ ਦੇਣ ਲਈ ਕੈਬਨਿਟ ਮੰਤਰੀ ਅਮਨ ਅਰੋੜਾ ਤੇ ਮਾਰਕੀਟ ਕਮੇਟੀ ਸੁਨਾਮ ਦੇ ਚੇਅਰਮੈਨ ਮੁਕੇਸ਼ ਜੁਨੇਜਾ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਪ੍ਰਧਾਨ ਨਗਰ ਕੌਂਸਲ ਨਿਸ਼ਾਨ ਸਿੰਘ ਟੋਨੀ ਅਤੇ ਸੀਨੀਅਰ ਮੀਤ ਪ੍ਰਧਾਨ ਸ਼੍ਰੀਮਤੀ ਆਸ਼ਾ ਬਜਾਜ ਵੱਲੋਂ ਵੀ ਆਪਣੇ ਵਿਚਾਰ ਪੇਸ਼ ਕੀਤੇ ਗਏ।