ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਵਾਹਨ ਜ਼ਬਤ ਤੇ ਲਾਇਸੈਂਸ ਰੱਦ ਕੀਤੇ ਜਾਣ, ਐਲਕੋਮੀਟਰ ਤੇ ਈ-ਚਲਾਨਿੰਗ ਮਸ਼ੀਨਾਂ ਦੀ ਹੋਰ ਕੀਤੀ ਜਾਵੇਗੀ ਖਰੀਦ
(Punjab Bureau) : ਸੜਕੀ ਆਵਾਜਾਈ ਦੌਰਾਨ ਸੂਬਾ ਵਾਸੀਆਂ ਦੀ ਜਾਨ ਦੀ ਸੁਰੱਖਿਆ ਨੂੰ ਸਭ ਤੋਂ ਵੱਧ ਪ੍ਰਮੁੱਖਤਾ ਦਿੰਦਿਆਂ ਪੰਜਾਬ ਦੇ ਮੁੱਖ ਸਕੱਤਰ ਸ੍ਰੀ ਅਨੁਰਾਗ ਵਰਮਾ ਨੇ ਸੜਕੀ ਨਿਯਮਾਂ ਦੀ ਸਖਤੀ ਨਾਲ ਪਾਲਣਾ ਅਤੇ ਇਨ੍ਹਾਂ ਨੂੰ ਲਾਗੂ ਕਰਨ ਲਈ ਆਧੁਨਿਕ ਯੰਤਰਾਂ ਦੀ ਵਰਤੋਂ ਉਤੇ ਜ਼ੋਰ ਦਿੱਤਾ ਹੈ। ਮੁੱਖ ਸਕੱਤਰ ਸ੍ਰੀ ਵਰਮਾ ਨੇ ਅੱਜ ਇਥੇ ਪੰਜਾਬ ਸਿਵਲ ਸਕੱਤਰੇਤ ਵਿਖੇ ਸੜਕੀ ਸੁਰੱਖਿਆ ਬਾਰੇ ਬਣੀ ਸੁਪਰੀਮ ਕੋਰਟ ਦੀ ਕਮੇਟੀ ਦੀ ਸਮੀਖਿਆ ਮੀਟਿੰਗ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਇਸ ਸਬੰਧੀ ਸਪੱਸ਼ਟ ਹਦਾਇਤਾਂ ਹਨ ਕਿ ਸੂਬੇ ਦੇ ਲੋਕਾਂ ਦੀ ਜਾਨ ਦੀ ਸੁਰੱਖਿਆ ਸਭ ਤੋਂ ਪ੍ਰਮੁੱਖ ਤਰਜੀਹ ਹੈ ਅਤੇ ਇਸ ਲਈ ਸੜਕੀ ਨਿਯਮਾਂ ਦੀ ਸਖਤੀ ਨਾਲ ਪਾਲਣਾ ਸਭ ਤੋਂ ਜ਼ਰੂਰੀ ਹੈ। ਉਨ੍ਹਾਂ ਅੱਜ ਟਰਾਂਸਪੋਰਟ ਤੇ ਗ੍ਰਹਿ ਵਿਭਾਗ ਦੇ ਅਧਿਕਾਰੀਆਂ ਨੂੰ ਜ਼ਮੀਨੀ ਪੱਧਰ ਉਤੇ ਨਿਯਮਾਂ ਦੀ ਪਾਲਣਾ ਲਈ ਵਰਤੇ ਜਾਣ ਵਾਲੇ ਆਧੁਨਿਕ ਯੰਤਰਾਂ ਦੀ ਤੁਰੰਤ ਖਰੀਦ ਕਰਨ ਲਈ ਵੀ ਆਖਿਆ।

Punjab Chief Secretary Mr. Anurag Verma
ਮੁੱਖ ਸਕੱਤਰ ਨੇ ਕਿਹਾ ਕਿ ਸ਼ਰਾਬ ਪੀ ਕੇ ਵਾਹਨ ਚਲਾਉਣ, ਓਵਰ ਸਪੀਡ, ਲਾਲ ਬੱਤੀ ਦੀ ਉਲੰਘਣਾ, ਵਾਹਨ ਚਲਾਉਦੇ ਹੋਏ ਮੋਬਾਈਲ ਦੀ ਵਰਤੋਂ ਬਿਨਾਂ ਹੈਲਮਟ ਤੇ ਸੀਟ ਬੈਲਟ ਤੋਂ ਵਾਹਨ ਚਲਾਉਣਾ ਆਦਿ ਉਲੰਘਣਾਵਾਂ ਜਿਨਾਂ ਦਾ ਸਿੱਧਾ ਮਨੁੱਖੀ ਜਾਨ ਨਾਲ ਸਬੰਧ ਹੈ, ਉਤੇ ਪੂਰਨ ਕੰਟਰੋਲ ਸਖਤੀ ਨਾਲ ਚੈਕਿੰਗ ਕੀਤੀ ਜਾਵੇ ਅਤੇ ਇਨ੍ਹਾਂ ਦੀ ਉਲੰਘਣਾ ਦੇ ਦੋਸ਼ੀਆਂ ਨੂੰ ਕਾਨੂੰਨ ਮੁਤਾਬਕ ਸਖਤ ਸਜ਼ਾਵਾਂ ਦਿੱਤੀਆਂ ਜਾਣ। ਵਾਹਨ ਜ਼ਬਤ ਕਰਨ ਅਤੇ ਡਰਾਈਵਿੰਗ ਲਾਇਸੈਂਸ ਰੱਦ ਕਰਨ ਤੋਂ ਵੀ ਗੁਰੇਜ਼ ਨਾ ਕੀਤਾ ਜਾਵੇ। ਮੁੱਖ ਸਕੱਤਰ ਨੇ ਕਿਹਾ ਕਿ ਸੜਕੀ ਨਿਯਮਾਂ ਦੀ ਪਾਲਣਾ ਲਈ ਜ਼ੁਰਮਾਨੇ ਅਤੇ ਸਜ਼ਾਵਾਂ ਦੇ ਨਾਲ ਭਾਈਚਾਰਕ ਸੇਵਾਵਾਂ ਨੂੰ ਵੀ ਹੁਲਾਰਾ ਦਿੱਤਾ ਜਾ ਰਿਹਾ ਹੈ ਜਿਸ ਤਹਿਤ ਉਲੰਘਣਾ ਕਰਨ ਵਾਲਿਆਂ ਕੋਲੋਂ ਖੂਨਦਾਨ, ਪੌਦੇ ਲਗਾਉਣੇ, ਸਕੂਲੀ ਬੱਚਿਆਂ ਨੂੰ ਪੜ੍ਹਾਉਣ ਦੀਆਂ ਸੇਵਾਵਾਂ ਵੀ ਲਈਆਂ ਜਾ ਰਹੀਆਂ ਹਨ।
ਸ੍ਰੀ ਵਰਮਾ ਨੇ ਅੱਗੇ ਕਿਹਾ ਕਿ ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲਿਆਂ ਦੀ ਸਖਤੀ ਨਾਲ ਚੈਕਿੰਗ ਯਕੀਨੀ ਬਣਾਉਣ ਲਈ 800 ਐਲਕੋਮੀਟਰ ਦੀ ਖਰੀਦ ਕੀਤੀ ਜਾ ਰਹੀ ਹੈ। ਇਸ ਸਬੰਧੀ ਪੁਲਿਸ ਵਿਭਾਗ ਨੂੰ ਤਿੰਨ ਮਹੀਨਿਆਂ ਅੰਦਰ ਇਹ ਪ੍ਰਕਿਰਿਆ ਮੁਕੰਮਲ ਲਈ ਆਖਿਆ ਹੈ। ਇਸੇ ਤਰ੍ਹਾਂ ਮਨੁੱਖ ਸਰੋਤਾਂ ਦੀ ਸੁਚੱਜੀ ਵਰਤੋਂ ਲਈ ਈ-ਚਲਾਨਿੰਗ ਮਸ਼ੀਨਾਂ ਨੂੰ ਉਤਸ਼ਾਹਤ ਕਰਦਿਆਂ ਇਨਾਂ ਦੀ ਇਕ ਮਹੀਨੇ ਅੰਦਰ ਖਰੀਦ ਲਈ ਆਖਿਆ ਗਿਆ ਹੈ।
ਮੀਟਿੰਗ ਵਿੱਚ ਸੜਕ ਸੁਰੱਖਿਆ ਬਾਰੇ ਲੀਡ ਏਜੰਸੀ ਦੇ ਡਾਇਰੈਕਟਰ ਜਨਰਲ ਆਰ.ਵੈਂਕਟ ਰਤਨਮ, ਪ੍ਰਮੁੱਖ ਸਕੱਤਰ ਸਿਹਤ ਤੇ ਪਰਿਵਾਰ ਭਲਾਈ ਵੀ.ਪੀ.ਸਿੰਘ, ਪ੍ਰਮੁੱਖ ਸਕੱਤਰ ਵਿੱਤ ਏ.ਕੇ.ਸਿਨਹਾ, ਸਕੱਤਰ ਗ੍ਰਹਿ ਗੁਰਕੀਰਤ ਕ੍ਰਿਪਾਲ ਸਿੰਘ, ਸਕੱਤਰ ਲੋਕ ਨਿਰਮਾਣ ਪ੍ਰਿਆਂਕ ਭਾਰਤੀ, ਸਕੱਤਰ ਸਕੂਲ ਸਿੱਖਿਆ ਕੇ.ਕੇ.ਯਾਦਵ, ਸਕੱਤਰ ਟਰਾਂਸਪੋਰਟ ਦਿਲਰਾਜ ਸਿੰਘ, ਏ.ਡੀ.ਜੀ.ਪੀ. (ਟ੍ਰੈਫਿਕ) ਏ.ਐਸ.ਰਾਏ, ਸਟੇਟ ਟਰਾਂਸਪੋਰਟ ਕਮਿਸ਼ਨਰ ਮੋਨੀਸ਼ ਕੁਮਾਰ, ਡਾਇਰੈਕਟਰ ਮੈਡੀਕਲ ਸਿੱਖਿਆ ਤੇ ਖੋਜ ਡਾ.ਅਵਿਨਾਸ਼ ਕੁਮਾਰ, ਟ੍ਰੈਫਿਕ ਸਲਾਹਕਾਰ ਡਾ. ਨਵਦੀਪ ਅਸੀਜਾ ਤੋਂ ਇਲਾਵਾ ਐਨ.ਐਚ.ਏ.ਆਈ ਦੇ ਨੁਮਾਇੰਦੇ ਅਤੇ ਕਮੇਟੀ ਮੈਂਬਰ ਹਾਜ਼ਰ ਸਨ।