—ਮੁੱਖ ਮੰਤਰੀ ਤੇ ਕਾਂਗਰਸ ਨੂੰ ਯਾਦ ਕਰਵਾਇਆ ਕਿ ਵਿਧਾਨ ਸਭਾ ਵਿਚ ਕਿਸਾਨ ਮੁੱਦਿਆਂ ਤੇ ਚਰਚਾ ਕਰੋ
—ਸੁਭਕਰਨ ਦੀ ਮੌਤ ਲਈ ਆਪ ਤੇ ਕਾਂਗਰਸ ਨੂੰ ਜਿੰਮੇਵਾਰ ਦੱਸਿਆ, ਲੋਕਾਂ ਨੂੰ ਭ੍ਰਮਿਤ ਕਰਨ ਤੋਂ ਵਰਜਿਆ
—ਬਾਜਵਾ ਤੇ ਰਾਜਾ ਵੜਿੰਗ ਨੂੰ ਪੁੱਛਿਆਂ ਕਿ ਉਹ ਕਣਕ ਝੋਨਾ ਛੱਡ ਕੇ ਕਿਹੜੀ ਫਸਲ ਬਿਜਣੀ ਚਾਹੁਣਗੇ।—ਦੁਹਰਾਇਆ ਕਿ 23 ਫਸਲਾਂ ਤੇ ਐਮਐਸਪੀ ਦੀ ਗਰੰਟੀ ਪੰਜਾਬ ਦਾ ਕੋਈ ਭਲਾ ਨਹੀਂ ਕਰੇਗੀ ਕਿਉਂਕਿ ਸਾਡਾ ਝੋਨਾ ਤੇ ਕਣਕ ਦਾ ਪਹਿਲਾਂ ਹੀ ਐਮਐਸਪੀ ਤੇ ਵਿਕ ਰਿਹਾ ਹੈ
ਚੰਡੀਗੜ੍ਹ, 4 ਮਾਰਚ
ਘੱਟੋ—ਘੱਟ ਸਮਰਥਨ ਮੁੱਲ ਨੂੰ ਲੈ ਕੇ ਪੰਜਾਬ ਦੇ ਕਿਸਾਨਾਂ ਨੂੰ ਜਾਣਬੁੱਝ ਕੇ ਗੁੰਮਰਾਹ ਕਰਨ ਲਈ ਮੁੱਖ ਮੰਤਰੀ ਤੇ ਵਰਦਿਆਂ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਸੋਮਵਾਰ ਨੂੰ ਭਗਵੰਤ ਮਾਨ ਨੂੰ ਕਿਹਾ ਕਿ ਉਹ ਹਰ ਰੋਜ਼ ਕਾਂਗਰਸ ਨਾਲ ਫਿਕਸ ਮੈਚ ਕਰ ਕੇ ਵਿਧਾਨ ਸਭਾ ਤੋਂ ਨਾ ਭੱਜਣ ਅਤੇ ਵਿਧਾਨ ਸਭਾ ਵਿਚ ਕਿਸਾਨਾਂ ਦੁਆਰਾ ਉਠਾਈਆਂ ਗਈਆਂ ਚਿੰਤਾਵਾਂ ਅਤੇ ਮੁੱਦਿਆਂ ਤੇ ਚਰਚਾ ਕਰਨ ਦੀ ਹਿੰਮਤ ਰੱਖਣ। ਇਸ ਮੌਕੇ ਤੇ ਸ਼੍ਰੀ ਜਾਖੜ ਨਾਲ ਬੀਜੇਪੀ ਦੇ ਵਿਧਾਇਕ ਅਸ਼ਵਨੀ ਸ਼ਰਮਾ, ਜੰਗੀ ਲਾਲ ਮਹਾਜਨ ਅਤੇ ਪਾਰਟੀ ਦੇ ਦੋ ਦਰਜ਼ਨ ਦੇ ਕਰੀਬ ਸਾਬਕਾ ਵਿਧਾਇਕ ਵੀ ਹਾਜ਼ਿਰ ਸਨ
“ਵਿਧਾਨ ਸਭਾ ਮਸਲਿਆਂ ਦੇ ਹੱਲ ਲਈ ਸਭ ਤੋਂ ਢੁਕਵਾਂ ਮੰਚ ਹੈ ਅਤੇ ਮੈਂ ਅੱਜ ਇੱਥੇ ਭਗਵੰਤ ਮਾਨ ਅਤੇ ਉਸ ਦੀ ਅਖੌਤੀ ਵਿਰੋਧੀ ਧਿਰ ਕਾਂਗਰਸ ਨੂੰ ਉਨ੍ਹਾਂ ਦਾ ਸੰਵਿਧਾਨਕ ਫਰਜ਼ ਚੇਤੇ ਕਰਾਉਣ ਆਇਆ ਹਾਂ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਇਹ ਯਕੀਨ ਦਿਵਾਇਆ ਜਾ ਸਕੇ ਕਿ ਜੇਕਰ 23 ਫਸਲਾਂ ਦੀ ਐਮਐਸਪੀ ਦੀ ਗਰੰਟੀ ਮਿਲ ਵੀ ਜਾਵੇ ਤਾਂ ਵੀ ਉਨ੍ਹਾਂ ਨੂੰ ਕੀ ਫਾਇਦਾ ਹੋਵੇਗਾ। ਉਹ ਇੱਥੇ ਵਿਧਾਨ ਸਭਾ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਆਪ ਅਤੇ ਕਾਂਗਰਸ ਤੇ ਸਿੱਧੇ ਤੌਰ ਤੇ ਬੇਕਸੂਰ ਕਿਸਾਨਾਂ ਨੂੰ ਪ੍ਰਦਰਸ਼ਨ ਲਈ ਸਰਹੱਦ ਤੇ ਭੇਜ ਕੇ ਭੜਕਾਉਣ ਦਾ ਦੋਸ਼ ਲਗਾਉਂਦੇ ਹੋਏ ਉਨ੍ਹਾਂ ਕਿਹਾ ਕਿ ਇਸੇ ਕਾਰਨ ਸ਼ੁਭਕਰਨ ਦੀ ਦਰਦਨਾਕ ਮੌਤ ਹੋਈ ਹੈ, ਕੀ ਮੁੱਖ ਮੰਤਰੀ ਨਹੀਂ ਜਾਣਦੇ ਕਿ ਪੰਜਾਬ ਨੂੰ ਕਿਸਾਨਾਂ ਦੁਆਰਾ ਪੈਦਾ ਕੀਤੀ ਕਣਕ ਅਤੇ ਝੋਨੇ ਦੇ ਇਕ—ਇਕ ਦਾਣੇ ਤੇ ਪੂਰਾ ਸਮਰਥਨ ਮੁੱਲ ਮਿਲਦਾ ਹੈ ਅਤੇ ਸਾਡੇ ਲਈ ਇੰਨ੍ਹਾਂ ਦੋ ਫ਼ਸਲਾਂ ਤੋਂ ਬਿਨ੍ਹਾਂ ਕੋਈ ਹੋਰ ਫ਼ਸਲ ਲਾਭਕਾਰੀ ਨਹੀਂ ਹੈ।
ਉਨ੍ਹਾਂ ਨੇ ਕਿਹਾ ਕਿ ਮੈਂ ਭਗਵੰਤ ਮਾਨ, ਵਿਧਾਨ ਸਭਾ ਵਿਚ ਵਿਰੋਧੀ ਧਿਰ ਤੇ ਆਗੂ ਪ੍ਰਤਾਪ ਸਿੰਘ ਬਾਜਵਾ ਅਤੇ ਰਾਜਾ ਵੜਿੰਗ ਨੂੰ ਪੁੱਛਦੇ ਹਨ ਜੋ ਸਾਡੇ ਕਿਸਾਨਾਂ ਦੇ ਸਵੈ—ਨਿਯੁਕਤ ਵਕੀਲ ਬਣੇ ਹੋਏ ਹਨ, ਮੈਨੂੰ ਦੱਸਣ ਕਿ ਉਹ ਬਾਕੀ ਬਚੀਆਂ 21 ਫਸਲਾਂ ਵਿੱਚੋਂ ਕਿਹੜੀ ਫਸਲ ਉਗਾਉਣ ਦੇ ਇੱਛੁਕ ਹਨ। ਤੁਸੀਂ ਉਸ ਫਸਲ ਦਾ ਨਾਮ ਦੱਸੋ ਅਤੇ ਮੈਂ ਤੁਹਾਨੂੰ ਕੇਂਦਰ ਤੋਂ ਉਸ ਤੇ ਘੱਟੋ—ਘੱਟ ਸਮਰਥਨ ਮੁੱਲ ਦੀ ਗਾਰੰਟੀ ਦਿਵਾਵਾਂਗਾ, ਜਾਖੜ ਨੇ ਇਨ੍ਹਾਂ ਆਗੂਆਂ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਉਹ ਕਿਸਾਨਾਂ ਨੂੰ ਸੱਚ ਦੱਸਣ ਦੀ ਹਿੰਮਤ ਰੱਖਣ ਅਤੇ ਆਪਣੀਆਂ ਸਿਆਸੀ ਖਾਹਿਸ਼ਾਂ ਲਈ ਸ਼ੁਭਕਰਨ ਵਰਗੇ ਨੌਜਵਾਨਾਂ ਨੂੰ ਮਰਨ ਲਈ ਨਾ ਭੇਜਣ।
ਇਸ ਗੱਲ ਨੂੰ ਦੁਹਰਾਉਂਦੇ ਹੋਏ ਕਿ ਪੰਜਾਬ ਧਰਤੀ ਹੇਠਲੇ ਪਾਣੀ ਤੇਜ਼ੀ ਨਾਲ ਘਟ ਰਹੇ ਹਨ, ਜਾਖੜ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਕਿਸਾਨਾਂ ਨੂੰ ਰਾਜ ਦੀ ਸਰਹੱਦ ਤੋਂ ਵਾਪਸ ਆਉਣ ਅਤੇ ਕਿੰਨੂ ਸਮੇਤ ਨਾਸ਼ਵਾਨ ਫਲਾਂ ਅਤੇ ਸਬਜ਼ੀਆਂ ਦੇ ਵਪਾਰ ਨੂੰ ਸੁਚਾਰੂ ਢੰਗ ਨਾਲ ਮੁੜ ਸ਼ੁਰੂ ਕਰਨ ਲਈ ਮਨਾਉਣਾ ਚਾਹੀਦਾ ਹੈ। ਜਾਖੜ ਨੇ ਮੁੱਖ ਮੰਤਰੀ ਨੂੰ ਪੰਜਾਬ ਲਈ ਨਿਵੇਸ਼ ਦੀ ਮੰਗ ਕਰਨ ਵਾਲੀਆਂ ਵਪਾਰਕ ਕੰਪਨੀਆਂ ਕੋਲ ਕੀਤੇ ਦੌਰੇ ਦੀ ਯਾਦ ਦਿਵਾਉਂਦੇ ਹੋਏ ਕਿਹਾ ਕਿ ਜੇਕਰ ਅਸੀਂ ਲੋਕਾਂ ਨੂੰ ਭੜਕਾ ਕੇ ਸਰਹੱਦਾਂ ਨੂੰ ਬੰਦ ਰੱਖਦੇ ਹਾਂ ਤਾਂ ਅਸੀਂ ਇਹ ਕਿਵੇਂ ਮੰਨਦੇ ਹਾਂ ਕਿ ਉਦਯੋਗ ਪੰਜਾਬ ਵੱਲ ਆਕਰਸਿ਼ਤ ਹੋਣਗੇ।
ਆਪਣੇ ਮਨੋਰਥਾਂ ਲਈ ਪੰਜਾਬ ਦੇ ਅਕਸ ਨੂੰ ਖ਼ਰਾਬ ਕਰਨ ਦੀ ਕੋਸਿ਼ਸ ਕਰਨ ਵਾਲਿਆਂ ਨੂੰ ਚੇਤਾਵਨੀ ਦਿੰਦੇ ਹੋਏ ਜਾਖੜ ਨੇ ਕਿਹਾ ਕਿ ਅੱਜ ਸਾਡਾ ਸੂਬਾ ਕਿਸੇ ਹੋਰ ਦੀ ਲੜਾਈ ਲੜਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅਸਲ ਵਿਚ ਪੰਜਾਬ ਦੇ ਕਿਸਾਨ ਨੂੰ ਝੋਨੇ ਅਤੇ ਕਣਕ ਤੇ ਮਿਲ ਰਹੀ ਐਮਐਸਪੀ ਹੋਰਨਾਂ ਸੂਬਿਆਂ ਦੇ ਲੋਕਾਂ ਨੂੰ ਪ੍ਰੇ਼ਸਾਨ ਕਰਦੀ ਹੈ ਅਤੇ ਇਸੇ ਕਾਰਨ ਉਹ ਆਪਣੀ ਲੜਾਈ ਲੜਨ ਦੀ ਬਜਾਏ ਪੰਜਾਬ ਨੂੰ ਇਸ ਲੜਾਈ ਵਿਚ ਝੋਕ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਬੇਸ਼ਕ ਸਾਨੂੰ ਉਨ੍ਹਾਂ ਲੋਕਾਂ ਨਾਲ ਹਮਦਰਦੀ ਹੈ ਪਰ ਉਨ੍ਹਾਂ ਦੇ ਹਿੱਤਾਂ ਲਈ ਅਸੀਂ ਆਪਣੇ ਪੰਜਾਬ ਦੇ ਨੌਜਵਾਨ ਖ਼ਤਰੇ ਵਿਚ ਨਹੀਂ ਪਾ ਸਕਦੇ।