ਪੰਜਾਬ ਟੂਰਿਜ਼ਮ ਸਮਿਟ ਨੂੰ ਲੈ ਕੇ ਦੇਸ ਦੀ ਸੈਰ ਸਪਾਟਾ ਸਨਅਤ ਵਿਚ ਭਾਰੀ ਉਤਸ਼ਾਹ: ਸੈਰ ਸਪਾਟਾ ਮੰਤਰੀ
(Mohali Bureau) : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਵਿਚ ਕਰਵਾਏ ਜਾ ਰਹੇ ਪਹਿਲੇ ਪੰਜਾਬ ਟੂਰਿਜ਼ਮ ਸਮਿਟ ਅਤੇ ਟਰੈਵਲ ਮਾਰਟ ਦੀਆਂ ਸਮੁੱਚੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਕਤ ਪ੍ਰਗਟਾਵਾ ਸੈਰ ਸਪਾਟਾ ਮੰਤਰੀ ਪੰਜਾਬ ਅਨਮੋਲ ਗਗਨ ਮਾਨ ਵਲੋਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪੰਜਾਬ ਟੂਰਿਜ਼ਮ ਸਮਿਟ ਨੂੰ ਲੈ ਕੇ ਦੇਸ਼ ਦੀ ਸੈਰ ਸਪਾਟਾ ਸਨਅਤ ਵਿਚ ਭਾਰੀ ਉਤਸ਼ਾਹ ਹੈ, ਜਿਸ ਨਾਲ ਸੂਬੇ ਨੂੰ ਭਵਿੱਖ ਵਿਚ ਵੱਡੇ ਪੱਧਰ ਤੇ ਆਰਥਿਕ ਲਾਭ ਹੋਵੇਗਾ।

Stage set for Punjab’s first-ever mega Tourism Summit and Travel Mart: Anmol Gagan Mann
ਪੰਜਾਬ ਸਰਕਾਰ ਵੱਲੋਂ ਮਿਤੀ 11 ਸਤੰਬਰ ਤੋਂ 13 ਸਤੰਬਰ 2023 ਤੱਕ ਮੋਹਾਲੀ ਦੇ ਸੈਕਟਰ 82 ਸਥਿਤ ਐਮਿਟੀ ਯੂਨੀਵਰਸਿਟੀ ਵਿਖੇ ਕਰਵਾਏ ਜਾ ਰਹੇ ਇਸ ਬਹੁਪੱਖੀ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਉਪਰੰਤ ਕੀਤਾ। ਪੰਜਾਬ ਰਾਜ ਵਿੱਚ ਸੈਰ ਸਪਾਟੇ ਨੂੰ ਪ੍ਰਫੁੱਲਤ ਕਰਨ ਦੇ ਮਕਸਦ ਨਾਲ ਆਪਣੀ ਕਿਸਮ ਦੇ ਇਸ ਪਹਿਲੇ ਸਮਿਟ ਬਾਰੇ ਜਾਣਕਾਰੀ ਦਿੰਦਿਆਂ ਅਨਮੋਲ ਗਗਨ ਮਾਨ ਨੇ ਦੱਸਿਆ ਕਿ ਇਸ ਦਾ ਉਦਘਾਟਨ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ 11 ਸਤੰਬਰ 2023 ਨੂੰ ਸਵੇਰੇ 10:00 ਵਜੇ ਕਰਨਗੇ। ਉਨ੍ਹਾਂ ਦੱਸਿਆ ਕਿ ਸਮਿਟ ਦੇ ਪਹਿਲੇ ਦਿਨ ਉਦਘਾਟਨੀ ਸਮਾਰੋਹ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੈਰ ਸਪਾਟਾ ਖੇਤਰ ਅਤੇ ਸਨਅਤ ਤੇ ਆਧਾਰਿਤ ਟਰੈਵਲ ਮਾਰਟ ਦਾ ਉਦਘਾਟਨ ਕਰਨਗੇ। ਉਦਘਾਟਨੀ ਸਮਾਰੋਹ ਬਾਰੇ ਜਾਣਕਾਰੀ ਦਿੰਦਿਆਂ ਸੈਰ ਸਪਾਟਾ ਮੰਤਰੀ ਨੇ ਦੱਸਿਆ ਕਿ ਇਸ ਸਮਿਟ ਵਿਚ ਸੈਰ ਸਪਾਟਾ ਉਦਯੋਗ ਨਾਲ ਜੁੜੀਆਂ 600 ਦੇ ਕਰੀਬ ਦੇਸ਼ ਦੀਆਂ ਨਾਮੀ ਹਸਤੀਆਂ ਸ਼ਿਰਕਤ ਕਰਨਗੀਆਂ। ਇਸ ਤੋਂ ਇਲਾਵਾ ਫ਼ਿਲਮ ਅਤੇ ਸੰਗੀਤ ਜਗਤ ਨਾਲ ਜੁੜੀਆਂ ਹਸਤੀਆਂ ਵੀ ਵੱਡੀ ਗਿਣਤੀ ਵਿਚ ਸ਼ਿਰਕਤ ਕਰਨਗੀਆਂ।
ਇਸ ਤੋਂ ਇਲਾਵਾ ਉਦਘਾਟਨੀ ਸਮਾਰੋਹ ਦੌਰਾਨ ਪੰਜਾਬ ਦੇ ਲੋਕ ਨਾਚਾਂ ਦੀ ਅਮੀਰ ਸਭਿਆਚਾਰਕ ਵਿਰਾਸਤ ਨੂੰ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਵਲੋਂ ਸੰਮੀ ਨਾਚ, ਲੁੱਡੀ, ਝੂਮਰ, ਭੰਗੜੇ ਰਾਹੀਂ ਪੇਸ਼ ਕੀਤਾ ਜਾਵੇਗਾ। ਇਸ ਤੋਂ ਇਲਾਵਾ ਡਾਕਟਰ ਨਿਵੇਦਿਤਾ ਅਤੇ ਭਾਈ ਅਵਤਾਰ ਸਿੰਘ ਬੋਦਲ ਵਲੋਂ ਸੰਗੀਤਕ ਪੇਸ਼ਕਾਰੀਆਂ ਵੀ ਕੀਤੀ ਜਾਵੇਗੀ। ਅਨਮੋਲ ਗਗਨ ਮਾਨ ਨੇ ਪੰਜਾਬ ਵਾਸੀਆਂ ਨੂੰ 12 ਸਤੰਬਰ 2023 ਨੂੰ ਟਰੈਵਲ ਮਾਰਟ ਵਿਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ । ਉਦਘਾਟਨੀ ਸਮਾਰੋਹ ਤੋਂ ਬਾਅਦ ਪਲੈਨਰੀ ਸੈਸ਼ਨਾਂ ਦਾ ਆਯੋਜਨ ਕੀਤਾ ਜਾਵੇਗਾ। ਜਿਨ੍ਹਾਂ ਦਾ ਵਿਸ਼ਾ ‘ਅੰਮ੍ਰਿਤਸਰ ਐਜ਼ ਏ ਵੈਡਿੰਗ ਡੈਸਟੀਨੇਸ਼ਨ’, ‘ਹੈਰੀਟੇਜ ਟੂਰਿਜ਼ਮ’, ‘ਈਕੋ ਐਂਡ ਫ਼ਾਰਮ ਟੂਰਿਜ਼ਮ’, ‘ਅੰਮ੍ਰਿਤਸਰ ‘ਜ ਹਿੰਟਰਲੈਂਡ ਐਂਡ ਕਲੂਨਰੀ ਟੂਰਿਜ਼ਮ’, ‘ਵੈਲਨੈਸ ਟੂਰਿਜ਼ਮ ਅਤੇ ਮੀਡੀਆ ਤੇ ਐਂਟਰਟੇਨਮੈਂਟ ਟੂਰਿਜ਼ਮ, ਸ਼ਾਮਲ ਹਨ। ਸੈਰ ਸਪਾਟਾ ਮੰਤਰੀ ਵਲੋਂ ਸਮਾਗਮ ਦੀਆਂ ਸਮੁੱਚੀਆਂ ਤਿਆਰੀਆਂ ਦਾ ਵੀ ਜਾਇਜ਼ਾ ਲਿਆ ਗਿਆ ਅਤੇ ਪ੍ਰਬੰਧਾਂ ਤੇ ਸੰਤੁਸ਼ਟੀ ਜਾਹਰ ਕੀਤੀ ਗਈ।