(Punjab Bureau) : ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਅੱਜ ਮੀਂਹ ਅਤੇ ਹੜ੍ਹਾਂ ਦੇ ਪਾਣੀ ਦੀ ਮਾਰ ਝੱਲ ਰਹੇ ਸੂਬੇ ਦੇ ਸਰਕਾਰੀ ਸਕੂਲਾਂ ਨੂੰ 27.77 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ। ਇਹ ਰਾਸ਼ੀ ਪ੍ਰਤੀ ਸਕੂਲ 5 ਹਜ਼ਾਰ ਰੁਪਏ ਤੋਂ ਲੈ ਕੇ 30 ਹਜ਼ਾਰ ਰੁਪਏ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਸੂਬੇ ਦੇ ਪ੍ਰਾਇਮਰੀ ਸਕੂਲਾਂ ਵਾਸਤੇ 20 ਕਰੋੜ ਰੁਪਏ ਅਤੇ ਸੈਕੰਡਰੀ ਸਕੂਲਾਂ ਲਈ 7.77 ਕਰੋੜ ਰੁਪਏ ਪ੍ਰਵਾਨ ਕੀਤੇ ਗਏ ਹਨ। ਇਸ ਰਾਸ਼ੀ ਨਾਲ ਸਕੂਲ ਮੁਖੀ ਅਤੇ ਪ੍ਰਬੰਧਕ ਕਮੇਟੀਆਂ ਸਕੂਲਾਂ ਦੀ ਮੁਰੰਮਤ, ਸਾਫ਼-ਸਫ਼ਾਈ, ਰੰਗ-ਰੋਗਨ ਅਤੇ ਹੋਰ ਫੁਟਕਲ ਕੰਮ ਕਰਵਾਉਣਗੀਆਂ। ਉਨ੍ਹਾਂ ਦੱਸਿਆ ਕਿ ਪੰਜਾਬ ਰਾਜ ਦੇ ਸਰਕਾਰੀ ਸਕੂਲਾਂ ਦਾ ਹੜ੍ਹਾਂ ਅਤੇ ਮੀਂਹਾਂ ਕਾਰਨ ਹੋਏ ਨੁਕਸਾਨ ਸਬੰਧੀ ਇੱਕ ਵਿਸ਼ੇਸ਼ ਸਰਵੇ ਬਹੁਤ ਜਲਦ ਕਰਵਾਇਆ ਜਾ ਰਿਹਾ ਹੈ ਤਾਂ ਜੋ ਜ਼ਰੂਰਤ ਅਨੁਸਾਰ ਮੀਂਹ ਅਤੇ ਹੜ੍ਹਾਂ ਨਾਲ ਪ੍ਰਭਾਵਿਤ ਸਕੂਲਾਂ ਨੂੰ ਯੋਗ ਮੁਰੰਮਤ ਲਈ ਪੈਸਾ ਜਾਰੀ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਅਸੀਂ ਮੁੱਖ ਮੰਤਰੀ ਸ. ਭਗਵੰਤ ਮਾਨ ਦੇ ਸੁਪਨਿਆਂ ਦੇ ਰੰਗਲੇ ਪੰਜਾਬ ਦੀ ਮੁੜ ਸਿਰਜਨਾ ਲਈ ਵਚਨਬੱਧ ਹਾਂ ਅਤੇ ਸਾਰੇ ਰਲ-ਮਿਲ ਕੇ ਇਸ ਮਿਸ਼ਨ ਦੀ ਪ੍ਰਾਪਤੀ ਲਈ ਲਗਾਤਾਰ ਯਤਨਸ਼ੀਲ ਹਾਂ।