ਬ੍ਰਿਟਿਸ਼ ਕੋਲੰਬੀਆ ਦੇ ਸਪੀਕਰ ਨੇ ਪੰਜਾਬ ਵਿਧਾਨ ਸਭਾ ਸਪੀਕਰ ਨਾਲ ਕੀਤੀ ਮੁਲਾਕਾਤ

British Columbia Speaker calls on Speaker of Punjab Legislative Assembly
(Punjab Bureau) :ਬ੍ਰਿਟਿਸ਼ ਕੋਲੰਬੀਆ (ਕੈਨੇਡਾ) ਦੇ ਸਪੀਕਰ ਸ੍ਰੀ ਰਾਜ ਚੌਹਾਨ ਦੀ ਅਗਵਾਈ ਵਾਲੇ ਵਫ਼ਦ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੋਵਾਂ ਆਗੂਆਂ ਨੇ ਪੰਜਾਬ ਅਤੇ ਬ੍ਰਿਟਿਸ਼ ਕੋਲੰਬੀਆ ਦਰਮਿਆਨ ਆਪਸੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ‘ਤੇ ਜ਼ੋਰ ਦਿੱਤਾ।
ਅੱਜ ਇੱਥੇ ਪੰਜਾਬ ਵਿਧਾਨ ਸਭਾ ਵਿਖੇ ਹੋਈ ਮੁਲਾਕਾਤ ਦੌਰਾਨ ਸ. ਸੰਧਵਾਂ ਨੇ ਪੰਜਾਬ ਅਤੇ ਬ੍ਰਿਟਿਸ਼ ਕੋਲੰਬੀਆ ਦਰਮਿਆਨ ਖੇਤੀਬਾੜੀ, ਇੰਡਸਟਰੀ, ਤਕਨਾਲੋਜੀ ਅਤੇ ਹੋਰਨਾਂ ਖੇਤਰਾਂ ਵਿੱਚ ਠੋਸ ਸਹਿਯੋਗ ‘ਤੇ ਜ਼ੋਰ ਦਿੱਤਾ। ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਕਿਹਾ ਕਿ ਦੋਵੇਂ ਸੂਬਿਆਂ ਵੱਖ-ਵੱਖ ਖੇਤਰਾਂ ‘ਚ ਗਿਆਨ ਅਤੇ ਤਕਨਾਲੋਜੀ ਦੇ ਆਪਸੀ ਅਦਾਨ-ਪ੍ਰਦਾਨ ਤੋਂ ਲਾਭ ਉਠਾ ਸਕਦੇ ਹਨ।
ਸ. ਸੰਧਵਾਂ ਨੇ ਸ੍ਰੀ ਰਾਜ ਚੌਹਾਨ ਨੂੰ ਕੈਨੇਡਾ ਦੀਆਂ ਕੰਪਨੀਆਂ ਨੂੰ ਪੰਜਾਬ ਵਿੱਚ ਨਿਵੇਸ਼ ਕਰਨ ਹਿੱਤ ਪ੍ਰੇਰਿਤ ਕਰਨ ਲਈ ਵੀ ਕਿਹਾ।
ਮੀਟਿੰਗ ਦੌਰਾਨ ਸ੍ਰੀ ਚੌਹਾਨ ਨੇ ਬ੍ਰਿਟਿਸ਼ ਕੋਲੰਬੀਆ ਅਤੇ ਪੰਜਾਬ ਦੇ ਇਤਿਹਾਸਕ ਸਬੰਧਾਂ ਬਾਰੇ ਗੱਲ ਕੀਤੀ ਅਤੇ ਦੋਵਾਂ ਸੂਬਿਆਂ ਦੇ ਇਤਿਹਾਸਕ ਸਬੰਧਾਂ ਨੂੰ ਯਾਦ ਕੀਤਾ। ਉਨ੍ਹਾਂ ਨੇ ਪੰਜਾਬੀਆਂ ਦੇ ਮਿਹਨਤ ਕਰਨ ਵਾਲੇ ਜਜ਼ਬੇ ਦੀ ਵੀ ਸ਼ਲਾਘਾ ਕੀਤੀ। ਸ੍ਰੀ ਰਾਜ ਚੌਹਾਨ ਨੇ ਦੱਸਿਆ ਕਿ ਬ੍ਰਿਟਿਸ਼ ਕੋਲੰਬੀਆ, ਪੰਜਾਬ ਨਾਲ ਮਜ਼ਬੂਤ ਦੁਵੱਲੇ ਸਹਿਯੋਗ ਨੂੰ ਲਗਾਤਾਰ ਹੋਰ ਅੱਗੇ ਵਧਾਏਗਾ, ਜਿਸ ਨਾਲ ਦੋਵਾਂ ਸੂਬਿਆਂ ਦੇ ਆਪਸੀ ਸਬੰਧ ਹੋਰ ਮਜ਼ਬੂਤ ਹੋਣਗੇ।