64 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ 49 ਐਫਆਈਆਰਜ਼ ਕੀਤੀਆਂ ਦਰਜ; ਦੋ ਪਿਸਤੌਲ, 1.48 ਲੱਖ ਰੁਪਏ ਨਕਦ, 667 ਗ੍ਰਾਮ ਹੈਰੋਇਨ ਬਰਾਮਦ
10 ਅੰਤਰ-ਰਾਜੀ ਸਰਹੱਦੀ ਜ਼ਿਲ੍ਹਿਆਂ ਦੇ ਐਂਟਰੀ/ਐਗਜ਼ਿਟ ਪੁਆਇੰਟਾਂ ‘ਤੇ 104 ਮਜ਼ਬੂਤ ਨਾਕੇ ਲਾਏ ਗਏ
ਪੁਲਿਸ ਟੀਮਾਂ ਨੇ 3624 ਵਾਹਨਾਂ ਦੀ ਕੀਤੀ ਚੈਕਿੰਗ, ਜਿਨ੍ਹਾਂ ਵਿੱਚੋਂ 151 ਦੇ ਕੀਤੇ ਚਲਾਨ ਅਤੇ 17 ਵਾਹਨ ਕੀਤੇ ਜ਼ਬਤ
(Punjab Bureau) : ਨਵੀਂ ਦਿੱਲੀ ਵਿਖੇ ਚੱਲ ਰਹੇ ਜੀ-20 ਸੰਮੇਲਨ ਦੇ ਸ਼ਾਂਤੀਪੂਰਨ ਆਯੋਜਨ ਨੂੰ ਯਕੀਨੀ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਪੁਲਿਸ ਨੇ ਅੱਜ ਸਪੈਸ਼ਲ ਅਪਰੇਸ਼ਨ ‘ਓਪੀਐਸ ਸੀਲ-4’ ਚਲਾਇਆ ਅਤੇ ਗੈਂਗਸਟਰਾਂ ਤੇ ਸਮਾਜ ਵਿਰੋਧੀ ਅਨਸਰਾਂ ‘ਤੇ ਨਜ਼ਰ ਰੱਖਣ ਲਈ ਸੂਬੇ ਵਿੱਚ ਆਉਣ ਅਤੇ ਜਾਣ ਵਾਲੇ ਸਾਰੇ ਵਾਹਨਾਂ ਦੀ ਚੈਕਿੰਗ ਕੀਤੀ। ਇਹ ਅਪਰੇਸ਼ਨ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਦੇ ਨਿਰਦੇਸ਼ਾਂ ‘ਤੇ ਚਾਰ ਗੁਆਂਢੀ ਸੂਬਿਆਂ— ਹਿਮਾਚਲ ਪ੍ਰਦੇਸ਼, ਹਰਿਆਣਾ, ਰਾਜਸਥਾਨ ਤੇ ਜੰਮੂ-ਕਸ਼ਮੀਰ— ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪੁਲਿਸ ਬਲਾਂ ਨਾਲ ਮਿਲ ਕੇ ਸਾਂਝੇ ਤੌਰ ‘ਤੇ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਇੱਕੋਂ ਸਮੇਂ ਚਲਾਇਆ ਗਿਆ।

G-20 SUMMIT: PUNJAB POLICE ALONG WITH FOUR STATES & UT CHANDIGARH CONDUCT ‘OPS SEAL-4’ TO KEEP VIGIL AT MISCHIVEOUS ELEMENTS
ਸਪੈਸ਼ਲ ਡੀਜੀਪੀ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਦਿੱਲੀ ਵਿਖੇ ਚੱਲ ਰਹੇ ਜੀ-20 ਸੰਮੇਲਨ ਦੇ ਮੱਦੇਨਜ਼ਰ ਸਰਹੱਦੀ ਜ਼ਿਲ੍ਹਿਆਂ ਦੇ ਐਸਐਸਪੀਜ਼ ਨੂੰ ਗੁਆਂਢੀ ਸੂਬਿਆਂ ਦੇ ਆਪਣੇ ਹਮਰੁਤਬਾ ਨਾਲ ਤਾਲਮੇਲ ਕਰਕੇ ਅੰਤਰ-ਰਾਜੀ ਸੀਮਾਵਾਂ ‘ਤੇ ਮਜ਼ਬੂਤ ਨਾਕੇ ਲਗਾਉਣ ਲਈ ਕਿਹਾ ਗਿਆ ਸੀ ਤਾਂ ਜੋ ‘ਓਪੀਐਸ ਸੀਲ-4’ ਦੇ ਹਿੱਸੇ ਵਜੋਂ ਸਾਰੇ ਵਾਹਨਾਂ ਦੀ ਚੈਕਿੰਗ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਐਸਐਸਪੀਜ਼ ਨੂੰ ਇਸ ਅਪਰੇਸ਼ਨ ਲਈ ਵੱਧ ਤੋਂ ਵੱਧ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਲਾਮਬੱਧ ਕਰਨ ਲਈ ਕਿਹਾ ਗਿਆ ਸੀ ਤਾਂ ਜੋ ਪ੍ਰਮੁੱਖ ਸਥਾਨਾਂ ‘ਤੇ ਮਜ਼ਬੂਤ ‘ਨਾਕੇ’ ਲਗਾਏ ਜਾ ਸਕਣ।
ਉਨ੍ਹਾਂ ਕਿਹਾ ਕਿ ਚਾਰ ਸਰਹੱਦੀ ਸੂਬਿਆਂ ਅਤੇ ਯੂਟੀ ਚੰਡੀਗੜ੍ਹ ਨਾਲ ਸਰਹੱਦਾਂ ਸਾਂਝੀਆਂ ਕਰਨ ਵਾਲੇ 10 ਜ਼ਿਲ੍ਹਿਆਂ ਦੇ ਸਾਰੇ ਆਉਣ/ਜਾਣ ਵਾਲੇ ਪੁਆਇੰਟਾਂ ‘ਤੇ ਇੰਸਪੈਕਟਰਾਂ/ਡੀਐਸਪੀਜ਼ ਦੀ ਨਿਗਰਾਨੀ ਹੇਠ 1000 ਤੋਂ ਵੱਧ ਪੁਲਿਸ ਮੁਲਾਜ਼ਮਾਂ ਵਾਲੇ 104 ਬਿਹਤਰ ਤਾਲਮੇਲ ਵਾਲੇ ਮਜ਼ਬੂਤ ਨਾਕੇ ਲਗਾਏ ਗਏ। 10 ਅੰਤਰ-ਰਾਜੀ ਸਰਹੱਦੀ ਜ਼ਿਲ੍ਹਿਆਂ ਵਿੱਚ ਪਠਾਨਕੋਟ, ਸ੍ਰੀ ਮੁਕਤਸਰ ਸਾਹਿਬ, ਫਾਜ਼ਿਲਕਾ, ਰੋਪੜ, ਐਸਏਐਸ ਨਗਰ, ਪਟਿਆਲਾ, ਸੰਗਰੂਰ, ਮਾਨਸਾ, ਹੁਸ਼ਿਆਰਪੁਰ ਅਤੇ ਬਠਿੰਡਾ ਸ਼ਾਮਲ ਹਨ। ਸਪੈਸ਼ਲ ਡੀਜੀਪੀ ਨੇ ਦੱਸਿਆ ਕਿ ਸੂਬੇ ਵਿੱਚ ਦਾਖ਼ਲ ਹੋਣ ਵਾਲੇ 3624 ਵਾਹਨਾਂ ਦੀ ਚੈਕਿੰਗ ਕੀਤੀ ਗਈ, ਜਿਨ੍ਹਾਂ ਵਿੱਚੋਂ 151 ਦੇ ਚਲਾਨ ਕੀਤੇ ਗਏ ਅਤੇ 17 ਵਾਹਨ ਜ਼ਬਤ ਕੀਤੇ ਗਏ। ਪੁਲਿਸ ਨੇ 64 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ 49 ਐਫਆਈਆਰਜ਼ ਵੀ ਦਰਜ ਕੀਤੀਆਂ ਹਨ। ਇਸ ਦੌਰਾਨ ਪੁਲਿਸ ਟੀਮਾਂ ਨੇ ਇੱਕ ਭਗੌੜਾ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।
ਇਸ ਤੋਂ ਇਲਾਵਾ ਪੁਲਿਸ ਟੀਮਾਂ ਨੇ ਦੋ ਪਿਸਤੌਲਾਂ ਸਮੇਤ ਗੋਲੀ-ਸਿੱਕਾ, 1.48 ਲੱਖ ਰੁਪਏ ਦੀ ਨਕਦੀ, 667 ਗ੍ਰਾਮ ਹੈਰੋਇਨ, 35 ਕਿਲੋ ਭੁੱਕੀ, 40 ਗ੍ਰਾਮ ਸਮੈਕ, 9275 ਬੋਤਲਾਂ ਜਾਇਜ਼ ਅਤੇ 170 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ। ਪੁਲਿਸ ਟੀਮਾਂ ਨੇ 721 ਸ਼ੱਕੀ ਵਿਅਕਤੀਆਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਵੀ ਲਿਆ। ਇਸ ਦੌਰਾਨ ਪੁਲਿਸ ਟੀਮਾਂ ਨੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਅਤੇ ਇਹ ਯਕੀਨੀ ਬਣਾਉਣ ਕਿ ਕਲੋਜ਼ ਸਰਕਟ ਟੈਲੀਵਿਜ਼ਨ (ਸੀਸੀਟੀਵੀ) ਕੈਮਰੇ ਸਹੀ ਢੰਗ ਨਾਲ ਕੰਮ ਕਰ ਰਹੇ ਹਨ, ਸੂਬੇ ਭਰ ਦੇ 878 ਚਰਚਾਂ ਅਤੇ 78 ਨਾਮ ਚਰਚਾ ਘਰਾਂ ਦੀ ਚੈਕਿੰਗ ਵੀ ਕੀਤੀ।