(Punjab Bureau) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਐਲਾਨ ਕੀਤਾ ਕਿ ਮਲੇਸ਼ੀਆ ਵਿੱਚ ਫਸੀ ਸੰਗਰੂਰ ਦੀ ਇਕ ਲੜਕੀ ਜਲਦੀ ਹੀ ਘਰ ਵਾਪਸ ਆ ਜਾਵੇਗੀ।ਇਕ ਬਿਆਨ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਜ਼ਿਲ੍ਹਾ ਸੰਗਰੂਰ ਦੇ ਪਿੰਡ ਅੜਕਵਾਸ ਦੀ ਲੜਕੀ ਪਿਛਲੇ ਲੰਮੇ ਸਮੇਂ ਤੋਂ ਮਲੇਸ਼ੀਆ ਵਿੱਚ ਸੀ। ਉਨ੍ਹਾਂ ਦੱਸਿਆ ਕਿ ਲੜਕੀ ਆਪਣੇ ਪਰਿਵਾਰ ਦੇ ਚੰਗੇ ਭਵਿੱਖ ਦੀ ਭਾਲ ਵਿੱਚ ਮਲੇਸ਼ੀਆ ਗਈ ਸੀ ਪਰ ਕਿਸੇ ਟਰੈਵਲ ਏਜੰਟ ਦੇ ਧੋਖੇ ਕਾਰਨ ਉਹ ਉੱਥੇ ਹੀ ਫਸ ਗਈ ਸੀ, ਜਿਸ ਤੋਂ ਬਾਅਦ ਉਸ ਦਾ ਪਰਿਵਾਰ ਦੱਖਣ ਏਸ਼ੀਆਈ ਮੁਲਕ ਤੋਂ ਉਸ ਦੀ ਵਾਪਸੀ ਲਈ ਇੱਧਰ-ਉੱਧਰ ਭੱਜ-ਨੱਠ ਕਰ ਰਿਹਾ ਸੀ।

Punjab CM Bhagwant Mann
ਭਗਵੰਤ ਸਿੰਘ ਮਾਨ ਨੇ ਕਿਹਾ ਕਿ ਜਦੋਂ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਤਾਂ ਉਨ੍ਹਾਂ ਨੇ ਭਾਰਤ ਸਰਕਾਰ ਕੋਲ ਇਸ ਮੁੱਦੇ ਨੂੰ ਉਠਾਇਆ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਦੇ ਅਣਥੱਕ ਯਤਨਾਂ ਸਦਕਾ ਭਾਰਤ ਸਰਕਾਰ ਨੇ ਇਹ ਮੁੱਦਾ ਮਲੇਸ਼ੀਆ ਦੀ ਸਰਕਾਰ ਕੋਲ ਚੁੱਕਿਆ। ਉਨ੍ਹਾਂ ਕਿਹਾ ਕਿ ਹੁਣ ਸੂਬਾ ਸਰਕਾਰ ਵੱਲੋਂ ਕੀਤੀਆਂ ਕੋਸ਼ਿਸ਼ਾਂ ਨੂੰ ਬੂਰ ਪਿਆ ਹੈ ਕਿਉਂਕਿ ਲੜਕੀ ਨੇ ਭਾਰਤੀ ਦੂਤਾਵਾਸ ਨਾਲ ਸੰਪਰਕ ਕਾਇਮ ਕਰ ਲਿਆ ਹੈ। ਭਗਵੰਤ ਮਾਨ ਨੇ ਦੱਸਿਆ ਕਿ ਮਲੇਸ਼ੀਆ ‘ਚ ਫਸੀ ਇਸ ਲੜਕੀ ਦੀ ਵਾਪਸੀ ਦਾ ਰਾਹ ਪੱਧਰਾ ਹੋ ਗਿਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਹੁਣ ਰਸਮੀ ਕਾਰਵਾਈਆਂ ਅਤੇ ਬਾਕੀ ਕਾਗਜ਼ੀ ਕਾਰਵਾਈ ਤੋਂ ਬਾਅਦ ਗੁਰਵਿੰਦਰ ਕੌਰ ਨਾਂ ਦੀ ਇਸ ਲੜਕੀ ਨੂੰ ਉਸ ਦੇ ਪਰਿਵਾਰ ਨਾਲ ਮਿਲਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਦੂਜੇ ਮੁਲਕਾਂ ਵਿੱਚ ਮੁਸ਼ਕਲਾਂ ਵਿੱਚ ਫਸੀਆਂ ਬੱਚੀਆਂ ਦੀ ਮੁਲਕ ਵਾਪਸੀ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬੇ ਅਤੇ ਇਸ ਦੇ ਲੋਕਾਂ ਨੂੰ ਹਰ ਤਰ੍ਹਾਂ ਦੇ ਸੰਕਟ ਵਿੱਚੋਂ ਕੱਢਣਾ ਸੂਬਾ ਸਰਕਾਰ ਦਾ ਫ਼ਰਜ਼ ਬਣਦਾ ਹੈ।