ਦੇਸ਼ ਦੇ ਸੰਘੀ ਢਾਂਚੇ ਨੂੰ ਬਚਾਉਣ ਲਈ ਆਈ ‘INDIA’ ਦੇ ਤੌਰ ‘ਤੇ 26 ਸਮਰੂਪ ਪਾਰਟੀਆਂ ਆਈਆਂ ਹਨ: ਰਾਜਾ ਵੜਿੰਗ
(Punjab Bureau) : ਪੰਜਾਬ ਕਾਂਗਰਸ ਪਾਰਟੀ ਨੇ ਅੱਜ ਆਗਾਮੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਨੂੰ ਮਜ਼ਬੂਤ ਕਰਨ ਲਈ ਪ੍ਰਮੁੱਖ ਮੁੱਦਿਆਂ, ਚਿੰਤਾਵਾਂ ਅਤੇ ਅਪਣਾਈ ਜਾਣ ਵਾਲੀ ਰਣਨੀਤੀ ‘ਤੇ ਚਰਚਾ ਕਰਨ ਲਈ ਪਾਰਟੀ ਮੀਟਿੰਗ ਕੀਤੀ। ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿੱਚ ਚੋਣ ਲੜੇ ਉਮੀਦਵਾਰਾਂ, ਜ਼ਿਲ੍ਹਾ ਪ੍ਰਧਾਨਾਂ ਅਤੇ ਵਿਧਾਇਕਾਂ ਸਮੇਤ ਸੀਨੀਅਰ ਕਾਂਗਰਸ ਲੀਡਰਸ਼ਿਪ ਨੇ ਸ਼ਿਰਕਤ ਕੀਤੀ।
ਮੀਟਿੰਗ ਬਾਰੇ ਜਾਣਕਾਰੀ ਦਿੰਦੇ ਹੋਏ ਵੜਿੰਗ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਨੂੰ ਮਜ਼ਬੂਤ ਕਰਨ ਲਈ ਹਲਕਾ ਪੱਧਰੀ ਰਣਨੀਤੀ ਅਤੇ ਪ੍ਰੋਗਰਾਮਾਂ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ ਗਈ। ਉਨ੍ਹਾਂ ਕਿਹਾ ਕਿ ਪਾਰਟੀ ਮੀਟਿੰਗ ਦੌਰਾਨ ਪ੍ਰੋਗਰਾਮਾਂ ਦੀ ਸਮਾਂ ਸੂਚੀ ਤੇ ਬੂਥ ਅਨੁਸਾਰ ਗਤੀਵਿਧੀਆਂ ਬਾਰੇ ਵੀ ਚਰਚਾ ਕੀਤੀ ਗਈ। “INDIA”ਗਠਜੋੜ ਬਾਰੇ ਮੀਡੀਆ ਦੇ ਸਵਾਲ ਦਾ ਜਵਾਬ ਦਿੰਦਿਆਂ ਵੜਿੰਗ ਨੇ ਦ੍ਰਿੜਤਾ ਨਾਲ ਕਿਹਾ ਕਿ ਭਾਰਤ ਦੇ ਅਜ਼ਾਦੀ ਸੰਘਰਸ਼ ਤੋਂ ਲੈ ਕੇ ਹੁਣ ਤੱਕ ਕਾਂਗਰਸ ਪਾਰਟੀ ਨੇ ਹਮੇਸ਼ਾ ਹੀ ਅੱਤਿਆਚਾਰਾਂ ਵਿਰੁੱਧ ਆਵਾਜ਼ ਉਠਾਈ ਹੈ ਅਤੇ ਸੰਵਿਧਾਨਕ ਕਦਰਾਂ-ਕੀਮਤਾਂ ਦੀ ਰਾਖੀ ਕੀਤੀ ਹੈ।
‘ਗੱਠਜੋੜ’ ਸ਼ਬਦ ਨੂੰ ਸਿਰੇ ਤੋਂ ਰੱਦ ਕਰਦਿਆਂ ਵੜਿੰਗ ਨੇ ਕਿਹਾ ਕਿ ਕੋਈ ਗਠਜੋੜ ਨਹੀਂ ਹੈ, ਪਰ ਹਾਂ ਦੇਸ਼ ਦੇ ਸੰਵਿਧਾਨ ਅਤੇ ਸੰਘੀ ਢਾਂਚੇ ਨੂੰ ਬਚਾਉਣਾ ਸਮੇਂ ਦੀ ਮੰਗ ਹੈ ਅਤੇ ਅਸੀਂ ਭਾਰਤ ਦੇ ਲੋਕਤੰਤਰ ਨੂੰ ਬਚਾਉਣ ਲਈ ਸਾਰੀਆਂ ਸਮਰੂਪ ਪਾਰਟੀਆਂ ਦਾ ਸਾਥ ਦੇ ਰਹੇ ਹਾਂ। ਵੜਿੰਗ ਨੇ ਕਿਹਾ ਕਿ ਸਾਰੀਆਂ 26 ਪਾਰਟੀਆਂ ਨੇ ਭਾਜਪਾ ਦੀ ਪਾੜੋ ਅਤੇ ਰਾਜ ਕਰੋ ਦੀ ਵਿਚਾਰਧਾਰਾ, ਇਸ ਦੀਆਂ ਕੋਝੀਆਂ ਨੀਤੀਆਂ ਅਤੇ ਉਨ੍ਹਾਂ ‘ਤੇ ਸਵਾਲ ਉਠਾਉਣ ਵਾਲਿਆਂ ਦੀ ਆਵਾਜ਼ ਨੂੰ ਦਬਾਉਣ ਅਤੇ ਦੇਸ਼ ਨੂੰ ਗੁਲਾਮੀ ਦੇ ਦਿਨਾਂ ਵੱਲ ਧੱਕਣ ਦੀਆਂ ਕੋਸ਼ਿਸ਼ਾਂ ਵਿਰੁੱਧ ਆਵਾਜ਼ ਬੁਲੰਦ ਕਰਨ ਦਾ ਫੈਸਲਾ ਕੀਤਾ ਹੈ।
ਸੀਟ ਦੀ ਵੰਡ ਨੂੰ ਲੈ ਕੇ ਇੱਕ ਹੋਰ ਸਵਾਲ ਦਾ ਜਵਾਬ ਦਿੰਦਿਆਂ ਵੜਿੰਗ ਨੇ ਝੂਠੀ ਜਾਣਕਾਰੀ ਫੈਲਾਉਣ ਵਾਲਿਆਂ ਦੀ ਨਿੰਦਾ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਲੋਕਾਂ ਨੂੰ ਗੁੰਮਰਾਹ ਕਰਨ ਲਈ ਇਸ ਬਿਰਤਾਂਤ ਨੂੰ ਸਿਰਜਿਆ ਜਾ ਰਿਹਾ ਹੈ। ਸੀਟਾਂ ਦੀ ਵੰਡ ਏਜੰਡਾ ਨਹੀਂ ਹੈ, ਜਮਹੂਰੀਅਤ ਨੂੰ ਬਚਾਉਣਾ ਸਾਂਝਾ ਉਦੇਸ਼ ਹੈ ਅਤੇ ਅਸੀਂ ਉਨ੍ਹਾਂ ਸਾਰੀਆਂ ਇੱਕ-ਸਮਾਨ ਸੋਚ ਵਾਲੀਆਂ ਪਾਰਟੀਆਂ ਨਾਲ ਖੜ੍ਹੇ ਹਾਂ ਜੋ ਸੰਵਿਧਾਨ ਦਾ ਬਰਾਬਰ ਸਤਿਕਾਰ ਕਰਦੇ ਹਨ ਅਤੇ ਉਨ੍ਹਾਂ ਨਾਲ ਲੜ ਰਹੇ ਹਨ ਜੋ ਤਾਨਾਸ਼ਾਹ ਬਣ ਗਏ ਹਨ।
“INDIA” ਦੀ ਨੀਂਹ ਸੰਵਿਧਾਨ ਅਤੇ ਦੇਸ਼ ਦੇ ਨਾਗਰਿਕਾਂ ਦੇ ਅਧਿਕਾਰਾਂ ਦੀ ਰਾਖੀ ਲਈ ਰੱਖੀ ਗਈ ਹੈ, ਜਿਸਦਾ ਉਦੇਸ਼ ਕੇਂਦਰ ਸਰਕਾਰ ਦੇ ਜ਼ੁਲਮ ਅਤੇ ਭਾਜਪਾ ਦੀਆਂ ਖਤਰਨਾਕ ਚਾਲਾਂ ਨਾਲ ਲੜਨਾ ਹੈ।
ਮੀਟਿੰਗ ਬਾਰੇ ਹੋਰ ਜਾਣਕਾਰੀ ਦਿੰਦਿਆਂ ਸੂਬਾ ਪ੍ਰਧਾਨ ਨੇ ਦੱਸਿਆ ਕਿ ਸਮੂਹ ਆਗੂਆਂ, ਪਾਰਟੀ ਵਰਕਰਾਂ, ਵਲੰਟੀਅਰਾਂ ਅਤੇ ਅਹੁਦੇਦਾਰਾਂ ਨੂੰ ਬੂਥ ਅਨੁਸਾਰ ਡਿਊਟੀਆਂ ਲਗਾਉਣ ਦਾ ਫੈਸਲਾ ਕੀਤਾ ਹੈ ਤਾਂ ਜੋ ਪਾਰਟੀ ਹਰੇਕ ਵੋਟਰ ਨਾਲ ਜੁੜ ਕੇ ਉਨ੍ਹਾਂ ਦੀਆਂ ਚਿੰਤਾਵਾਂ ਅਤੇ ਮੁੱਦਿਆਂ ਨੂੰ ਧਿਆਨ ਵਿੱਚ ਰੱਖ ਸਕੇ। ਅਸੀਂ ਸੂਬੇ ਵਿੱਚ ਅਮਨ-ਕਾਨੂੰਨ ਦੀ ਖ਼ਰਾਬ ਹੋ ਰਹੀ ਸਥਿਤੀ, ਹੜ੍ਹਾਂ ਦੇ ਮਾੜੇ ਪ੍ਰਬੰਧਾਂ ਅਤੇ ਨਸ਼ਿਆਂ ਦੀ ਸਮੱਸਿਆ ਸਮੇਤ ਵੱਖ-ਵੱਖ ਮੋਰਚਿਆਂ ‘ਤੇ ਸੱਤਾਧਾਰੀ ਪੰਜਾਬ ਸਰਕਾਰ ਦੀਆਂ ਨਾਕਾਮੀਆਂ ਬਾਰੇ ਵੀ ਚਰਚਾ ਕੀਤੀ। ਆਮ ਆਦਮੀ ਪਾਰਟੀ ਹਰ ਫਰੰਟ ‘ਤੇ ਫੇਲ ਹੋਈ ਹੈ। ਵੜਿੰਗ ਨੇ ਕਿਹਾ ਕਿ ਅਸੀਂ ਆਮ ਆਦਮੀ ਪਾਰਟੀ ਦੀਆਂ ਸਾਰੀਆਂ ਨਾਕਾਮੀਆਂ ਅਤੇ ਇਸ ਦੇ ਲੀਡਰਾਂ ਦੇ ਜ਼ੁਲਮਾਂ ਦਾ ਪਰਦਾਫਾਸ਼ ਜ਼ਰੂਰ ਕਰਾਂਗੇ, ਜਿਨ੍ਹਾਂ ਨੇ ਵੋਟਰਾਂ ਨੂੰ ਆਪਣੇ ਝੂਠੇ ਵਾਅਦਿਆਂ ਅਤੇ ਦਾਅਵਿਆਂ ਨਾਲ ਧੋਖਾ ਦਿੱਤਾ ਹੈ। ਮੀਟਿੰਗ ਪਾਰਟੀ ਵਰਕਰਾਂ ਨੂੰ ਇੱਕਜੁੱਟ ਹੋ ਕੇ ਕੰਮ ਕਰਨ ਅਤੇ ਆਉਣ ਵਾਲੀਆਂ ਲੋਕ ਸਭਾ ਚੋਣਾਂ 2024 ਵਿੱਚ ਕਾਂਗਰਸ ਪਾਰਟੀ ਦੀ ਜਿੱਤ ਯਕੀਨੀ ਬਣਾਉਣ ਦੇ ਸੱਦੇ ਨਾਲ ਸਮਾਪਤ ਹੋਈ।