(Punjab Bureau) : ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਅਤੇ ਟਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਵਲੋਂ ਸਤਲੁਜ ਦਰਿਆ ਵਿੱਚ ਆਏ ਹੜ੍ਹਾਂ ਕਾਰਨ ਹਲਕਾ ਪੱਟੀ ਦੇ ਪ੍ਰਭਾਵਿਤ ਹੋਏ ਪਰਿਵਾਰਾਂ ਦੇ ਪਸ਼ੂਆਂ ਲਈ ਆਪਣੇ ਖ਼ਰਚੇ ‘ਤੇ ਹੁਣ ਤੱਕ ਕਰੀਬ 3000 ਬੋਰੀਆਂ ਫੀਡ, 2000 ਬੋਰੀਆਂ ਚੋਕਰ ਅਤੇ 14 ਟਰਾਲੀਆਂ ਹਰੇ ਚਾਰਾ ਦੀਆਂ ਵੰਡੀਆਂ ਗਈਆਂ ਹਨ। ਕੈਬਨਿਟ ਪਿਛਲੇ ਕਈ ਦਿਨਾਂ ਤੋਂ ਹਲਕੇ ਵਿੱਚ ਡਟੇ ਹੋਏ ਹਨ ਅਤੇ ਪੀੜਤ ਪਰਿਵਾਰਾਂ ਦੀ ਮਦਦ ਲਈ ਨਿਰੰਤਰ ਯਤਨਸ਼ੀਲ ਹਨ।
ਉਨ੍ਹਾਂ ਦੱਸਿਆ ਕਿ ਦਰਿਆ ਦੇ ਬੰਨ੍ਹ ਨੇੜਲੇ ਕਰੀਬ 31 ਪਿੰਡਾਂ ਨੂੰ ਹੜ੍ਹ ਦੇ ਪਾਣੀ ਨੇ ਪ੍ਰਭਾਵਿਤ ਕੀਤਾ ਹੈ। ਸ. ਭੁੱਲਰ ਨੇ ਦੱਸਿਆ ਕਿ ਹੜ੍ਹ ਕਾਰਨ ਪ੍ਰਭਾਵਿਤ ਪਿੰਡਾਂ ਤੇ ਡੇਰਿਆਂ ਵਿੱਚ ਵੱਸਦੇ ਪਰਿਵਾਰਾਂ ਅਤੇ ਪਸ਼ੂਆਂ ਨੂੰ ਬਾਹਰ ਕੱਢ ਕੇ ਸੁਰੱਖਿਅਤ ਥਾਵਾਂ ‘ਤੇ ਪਹੁੰਚਾ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਹੜ੍ਹਾਂ ਵਾਲੇ ਖੇਤਰ ਵਿੱਚ 7 ਸਕੂਲਾਂ ਵਿੱਚ ਪੀੜਤ ਪਰਿਵਾਰਾਂ ਲਈ ਖਾਣ-ਪੀਣ ਤੇ ਡਾਕਟਰੀ ਸਹੂਲਤਾਂ ਦੇ ਪੁਖਤਾ ਪ੍ਰਬੰਧ ਕੀਤੇ ਹਨ।
ਉਨ੍ਹਾਂ ਦੱਸਿਆ ਕਿ ਉਹ ਇਸ ਤੋਂ ਇਲਾਵਾ ਆਪਣੇ ਨਿੱਜੀ ਖ਼ਰਚੇ ‘ਤੇ ਇਨ੍ਹਾਂ ਪਿੰਡਾਂ ਦੇ ਪਸ਼ੂਆਂ ਲਈ ਨਿਰੰਤਰ ਫੀਡ, ਚੋਕਰ ਅਤੇ ਚਾਰੇ ਦੀ ਸਪਲਾਈ ਯਕੀਨੀ ਬਣਾ ਰਹੇ ਹਨ ਤਾਂ ਜੋ ਹੜ੍ਹ ਨਾਲ ਪਰਿਵਾਰਾਂ ਦੇ ਦੁਧਾਰੂ ਪਸ਼ੂਆਂ ਦੀ ਜਾਨ ਬਚਾਈ ਜਾ ਸਕੇ। ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅੱਜ ਪਿੰਡ ਕੋਟ ਬੁੱਢਾ, ਮੁੱਠਿਆਂਵਾਲਾ, ਸੀਤੋ ਮਹਿ ਝੁੱਗੀਆਂ, ਰਾਧਲਕੇ, ਭੰਗਾਲਾ, ਤੂਤ, ਝੁੱਗੀਆਂ ਪੀਰ ਬਖਸ਼, ਰਾਮ ਸਿੰਘ ਵਾਲਾ, ਝੁੱਗੀਆਂ ਨੱਥਾ ਸਿੰਘ ਅਤੇ ਝੁੱਗੀਆਂ ਨੂਰ ਮੁਹੰੰਮਦ, ਡੂਮਨੀ ਵਾਲਾ, ਜਲੋਕੇ, ਭਾਓਵਾਲ, ਭੋਜੋਕੇ, ਬੱਲੜ ਕੇ, ਰਸੂਲਪੁਰ, ਤਲਵੰਡੀ ਮੋਹਰ ਸਿੰਘ, ਕਿਲ੍ਹਾ ਪਤੀ, ਬੰਗਲਾ ਰਾਏ ਆਦਿ ਪਿੰਡਾ ਦੇ ਹੜ੍ਹ ਪ੍ਰਭਾਵਿਤ ਪਰਿਵਾਰ ਨੂੰ ਪਸ਼ੂਆ ਲਈ ਹਰਾ ਚਾਰਾ ਸਾਇਲੇਜ, ਫੀਡ, ਚੋਕਰ, ਤੂੜੀ ਅਤੇ ਹੋਰ ਘਰੇਲੂ ਜ਼ਰੂਰੀ ਸਾਮਾਨ ਅਤੇ ਦਵਾਈਆਂ ਦਿੱਤੀਆਂ। ਉਨ੍ਹਾਂ ਦੱਸਿਆ ਕਿ ਦਰਿਆ ਵਿੱਚ ਪਾਣੀ ਦਾ ਪੱਧਰ ਘਟਣਾ ਸ਼ੁਰੂ ਹੋ ਗਿਆ ਹੈ ਜਿਸ ਪਿੱਛੋਂ ਹੁਣ ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਜਨਤਕ ਸੇਵਾਵਾਂ ਜਿਵੇਂ ਬਿਜਲੀ, ਪੀਣਯੋਗ ਪਾਣੀ, ਸੜਕਾਂ ਸਣੇ ਹੋਰ ਬੁਨਿਆਦੀ ਢਾਂਚੇ ਦੀ ਤੁਰੰਤ ਮੁਰੰਮਤ ਲਈ ਕਿਹਾ ਹੈ।