ਮੁਲਜ਼ਮ ਸ਼ਿੰਦਰ ਨੇ ਜਲੰਧਰ ਵਿੱਚ ਆਪਣੇ ਪਿੰਡ ਦੀ ਸੜਕ ਹੇਠ ਛੁਪਾ ਕੇ ਰੱਖੀ ਸੀ ਹੈਰੋਇਨ ਦੀ ਖੇਪ : ਡੀਜੀਪੀ ਗੌਰਵ ਯਾਦਵ
(Amritsar Bureau) : ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਨਸ਼ਿਆਂ ਵਿਰੁੱਧ ਸ਼ੁਰੂ ਕੀਤੀ ਫੈਸਲਾਕੁੰਨ ਜੰਗ ਦੇ ਹਿੱਸੇ ਵਜੋਂ 6 ਕਿਲੋਗ੍ਰਾਮ ਹੈਰੋਇਨ ਬਰਾਮਦਗੀ ਮਾਮਲੇ ਦੀ ਪੁਖ਼ਤਾ ਜਾਂਚ ਤੋਂ ਬਾਅਦ, ਪੰਜਾਬ ਪੁਲਿਸ ਨੇ ਸ਼ਨੀਵਾਰ ਨੂੰ ਮਹਿਤਪੁਰ, ਜਲੰਧਰ ਦੇ ਪਿੰਡ ਬੂਟੇ ਦੀਆਂ ਛੰਨਾ ਦੀ ਸੜਕ ਹੇਠਾਂ ਛੁਪਾ ਕੇ ਰੱਖੀ 4 ਕਿਲੋਗ੍ਰਾਮ ਹੈਰੋਇਨ ਦੀ ਬਾਕੀ ਬਚੀ ਹੋਈ ਖੇਪ ਬਰਾਮਦ ਕੀਤੀ। । ਇਹ ਕਾਰਵਾਈ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸ.ਐਸ.ਓ.ਸੀ.) ਅੰਮ੍ਰਿਤਸਰ ਵੱਲੋਂ ਇਸੇ ਪਿੰਡ ਬੂਟੇ ਦੀਆ ਛੰਨਾ ਦੇ ਨਸ਼ਾ ਤਸਕਰ ਸ਼ਿੰਦਰ ਸਿੰਘ ਨੂੰ ਗ੍ਰਿਫਤਾਰ ਕਰਕੇ ਉਕਤ ਕੋਲੋਂ 6 ਕਿਲੋ ਹੈਰੋਇਨ ਦੀ ਖੇਪ ਅਤੇ 1.5 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕਰਨ ਉਪਰੰਤ ਸਰਹੱਦ ਪਾਰੋਂ ਨਸ਼ਾ ਤਸਕਰੀ ਦੇ ਰੈਕੇਟ ਦਾ ਪਰਦਾਫਾਸ਼ ਕਰਨ ਤੋਂ ਮਹਿਜ਼ ਦੋ ਦਿਨ ਬਾਅਦ ਅਮਲ ਵਿੱਚ ਲਿਆਂਦੀ ਗਈ ਹੈ।

PUNJAB POLICE RETRIEVES 4KG MORE HEROIN FROM ARRESTED DRUG SMUGGLER’S VILLAGE
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਐਸ.ਐਸ.ਓ.ਸੀ. ਅੰਮ੍ਰਿਤਸਰ ਨੂੰ ਪੁਖ਼ਤਾ ਸੂਹ ਮਿਲੀ ਸੀ ਕਿ ਸ਼ਿੰਦਰ ਸਿੰਘ ਅਤੇ ਉਸਦੇ ਸਾਥੀਆਂ ਨੇ ਪਾਕਿਸਤਾਨ ਸਥਿਤ ਸਮੱਗਲਰਾਂ ਅਤੇ ਏਜੰਸੀਆਂ ਦੁਆਰਾ ਫਿਰੋਜ਼ਪੁਰ ਸੈਕਟਰ ਵਿੱਚ ਦਰਿਆ ਦੇ ਰਸਤੇ ਭਾਰਤੀ ਖੇਤਰ ਵਿੱਚ ਪਹੁੰਚਾਈ ਗਈ ਹੈਰੋਇਨ ਦੀ ਇੱਕ ਵੱਡੀ ਖੇਪ ਪ੍ਰਾਪਤ ਕੀਤੀ ਸੀ। ਪੁੱਛਗਿੱਛ ਦੌਰਾਨ ਮੁਲਜ਼ਮ ਸ਼ਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ 4 ਕਿਲੋ ਹੈਰੋਇਨ ਉਸ ਦੇ ਪਿੰਡ ਬੂਟੇ ਦੀਆਂ ਛੰਨਾਂ ਵਿਖੇ ਮੁਰੰਮਤ ਅਧੀਨ ਸੜਕ ਹੇਠਾਂ ਛੁਪਾ ਕੇ ਰੱਖੀ ਸੀ । ਉਹਨਾਂ ਦੱਸਿਆ ਕਿ ਪੁਲਿਸ ਟੀਮਾਂ ਨੇ ਮੁਲਜ਼ਮ ਵੱਲੋਂ ਦੱਸੇ ਟਿਕਾਣੇ ਤੋਂ ਇਹ ਖੇਪ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਇਸ ਸਬੰਧੀ ਹੋਰ ਜਾਣਕਾਰੀ ਸਾਂਝੀ ਕਰਦਿਆਂ ਏ.ਆਈ.ਜੀ. ਐਸ.ਐਸ.ਓ.ਸੀ. ਸੁਖਮਿੰਦਰ ਸਿੰਘ ਮਾਨ ਨੇ ਦੱਸਿਆ ਕਿ ਮੁਲਜ਼ਮ ਸ਼ਿੰਦਰ ਦੇ ਖੁਲਾਸੇ ’ਤੇ ਪੁਲਿਸ ਟੀਮਾਂ ਨੇ ਉਸ ਦੇ ਚਾਰ ਸਾਥੀਆਂ ਨੂੰ ਵੀ ਨਾਮਜ਼ਦ ਕੀਤਾ ਸੀ, ਜੋ ਕਿ ਹਾਲੇ ਤੱਕ ਭਗੌੜੇ ਹਨ ਅਤੇ ਉਨ੍ਹਾਂ ਕੋਲ ਹੈਰੋਇਨ ਦੀ ਵੱਡੀ ਖੇਪ ਹੋਣ ਦੀ ਆਸ ਹੈ। ਪੁਲਿਸ ਟੀਮਾਂ ਇਨ੍ਹਾਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕਰ ਰਹੀਆਂ ਹਨ ਅਤੇ ਹੋਰ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਦੀ ਵੀ ਆਸ ਹੈ। ਇਸ ਸਬੰਧੀ ਐਫ.ਆਈ.ਆਰ ਨੰਬਰ 23 ਮਿਤੀ 03.08.2023 ਨੂੰ ਐਨ.ਡੀ.ਪੀ.ਐਸ. ਐਕਟ ਦੀ ਧਾਰਾ 21, 25 ਅਤੇ 29 ਤਹਿਤ ਥਾਣਾ ਐਸ.ਐਸ.ਓ.ਸੀ. ਅੰਮ੍ਰਿਤਸਰ ਵਿਖੇ ਕੇਸ ਪਹਿਲਾਂ ਹੀ ਦਰਜ ਹੈ।