(Punjab Bureau) : ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਦੇ ਮਕਸਦ ਨਾਲ ਪੰਜਾਬ ਦੇ ਕੈਬਨਿਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਵੱਲੋਂ ਅੱਜ ਹਲਕਾ ਪੱਟੀ ਦੇ ਵੱਖ-ਵੱਖ ਪਿੰਡਾਂ ਵਿੱਚ ਕਰੀਬ 2 ਕਰੋੜ 25 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਚਾਰ ਬਹੁ-ਮੰਤਵੀ ਖੇਡ ਪਾਰਕਾਂ ਦਾ ਨੀਂਹ ਪੱਥਰ ਰੱਖਿਆ ਗਿਆ।
ਪੱਟੀ ਹਲਕੇ ਦੇ ਪਿੰਡ ਕੋਟ ਬੁੱਢਾ ਵਿਖੇ 65 ਲੱਖ ਰੁਪਏ, ਸਭਰਾ ਵਿਖੇ 35 ਲੱਖ ਰੁਪਏ, ਪ੍ਰਿੰਗੜੀ ਵਿਖੇ 70 ਲੱਖ ਰੁਪਏ ਅਤੇ ਪਿੰਡ ਰੱਤਾ ਗੁੱਦਾ ਵਿਖੇ 40 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਬਹੁ-ਮੰਤਵੀ ਖੇਡ ਪਾਰਕਾਂ ਦਾ ਨੀਂਹ ਪੱਥਰ ਰੱਖਣ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਸ. ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਪੱਟੀ ਹਲਕੇ ਅੰਦਰ 40 ਹੋਰ ਬਹੁ-ਮੰਤਵੀ ਖੇਡ ਪਾਰਕ ਬਣਾਏ ਜਾਣਗੇ, ਜਿਨ੍ਹਾਂ ਵਿੱਚ ਖੇਡ ਕੇ ਨੌਜਵਾਨ ਪੀੜ੍ਹੀ ਆਪਣੇ ਪਿੰਡ, ਹਲਕੇ ਅਤੇ ਸੂਬੇ ਦਾ ਨਾਮ ਰੌਸ਼ਨ ਕਰੇਗੀ।
ਕੈਬਨਿਟ ਮੰਤਰੀ ਸ. ਭੁੱਲਰ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਸੋਚ ਹੈ ਕਿ ਚੰਗੇ ਖੇਡ ਮੈਦਾਨ ਬਣਾ ਕੇ ਨੌਜਵਾਨਾਂ ਦੇ ਤੰਦਰੁਸਤ ਸਰੀਰ ਅਤੇ ਚੰਗਾ ਖੇਡ ਹੁਨਰ ਯਕੀਨੀ ਬਣਾਇਆ ਜਾਵੇ ਤਾਂ ਜੋ ਸੂਬੇ ਦੇ ਨੌਜਵਾਨਾਂ ਆਪਣੀ ਜ਼ਿੰਦਗੀ ਵਿਚ ਕਾਮਯਾਬੀ ਹਾਸਿਲ ਕਰ ਸਕਣ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵਲੋਂ ਪੰਜਾਬ ਅੰਦਰ ਨਸ਼ਿਆਂ ਦਾ ਛੇਵਾਂ ਦਰਿਆ ਵਹਾਇਆ ਗਿਆ, ਜਿਸ ਦੇ ਖ਼ਾਤਮੇ ਲਈ ਸਾਡੀ ਸਰਕਾਰ ਉਚੇਚੇ ਯਤਨ ਕਰ ਰਹੀ ਹੈ। ਇਸ ਮੌਕੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਵਿੰਦਰ ਸਿੰਘ ਬਹਿੜਵਾਲ, ਚੇਅਰਮੈਨ ਦਿਲਬਾਗ ਸਿੰਘ, ਵਰਿੰਦਰਜੀਤ ਸਿੰਘ ਕਾਲੇਕੇ ਹੀਰਾ ਭੁੱਲਰ, ਗੁਰਬਿੰਦਰ ਸਿੰਘ ਕਾਲੇਕੇ ਅਤੇ ਗੁਰਪਿੰਦਰ ਸਿੰਘ ਉਪਲ ਆਦਿ ਹਾਜ਼ਰ ਸਨ।