ਗੈਂਗਸਟਰ ਗੋਪੀ ਡੱਲੇਵਾਲੀਆ ਚਾਰ ਮਾਮਲਿਆਂ ਵਿੱਚ ਦੋਸ਼ੀ ਕਰਾਰ, 2016 ਦੇ ਗੁਰਾਇਆ ਕਤਲ ਕੇਸ ਵਿੱਚ ਭਗੌੜਾ ਐਲਾਨਿਆ ਗਿਆ ਸੀ: ਡੀ.ਜੀ.ਪੀ. ਗੌਰਵ ਯਾਦਵ
(Punjab Bureau) : ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਐਂਟੀ ਗੈਂਗਸਟਰ ਟਾਸਕ ਫੋਰਸ (ਏ.ਜੀ.ਟੀ.ਐੱਫ.) ਨੇ ਮੋਗਾ ਪੁਲਿਸ ਨਾਲ ਸਾਂਝੇ ਤੌਰ ‘ਤੇ ਕਾਰਵਾਈ ਕਰਦਿਆਂ ਗੈਂਗਸਟਰ ਗੁਰਪ੍ਰੀਤ ਸਿੰਘ ਉਰਫ ਗੋਪੀ ਡੱਲੇਵਾਲੀਆ ਨੂੰ ਗ੍ਰਿਫਤਾਰ ਕੀਤਾ ਹੈ, ਜੋ ਕਿ ਸੰਤੋਖ ਸਿੰਘ ਕਤਲ ਕਾਂਡ ਵਿੱਚ ਮੁੱਖ ਸ਼ੂਟਰ ਸੀ।

SANTOKH SINGH’S MURDER CASE: AGTF IN JOIN OP WITH MOGA POLICE ARREST KEY-SHOOTER GOPI DALEWALIA; PISTOL RECOVERED
ਇਹ ਜਾਣਕਾਰੀ ਅੱਜ ਡੀ.ਜੀ.ਪੀ. ਗੌਰਵ ਯਾਦਵ ਨੇ ਦਿੰਦਿਆਂ ਦੱਸਿਆ ਕਿ ਮੁਲਜ਼ਮ ਗੋਪੀ ਡੱਲੇਵਾਲੀਆ, ਜੋ ਕਿ ਜਲੰਧਰ ਦੇ ਪਿੰਡ ਡੱਲੇਵਾਲ ਦਾ ਰਹਿਣ ਵਾਲਾ ਹੈ, ਗੋਰੂ ਬੱਚਾ ਗਰੋਹ ਦਾ ਮੈਂਬਰ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਟੀਮਾਂ ਨੇ ਉਸ ਦੇ ਕਬਜ਼ੇ ਵਿੱਚੋਂ ਇੱਕ ਪਿਸਤੌਲ ਅਤੇ ਪੰਜ ਕਾਰਤੂਸ ਵੀ ਬਰਾਮਦ ਕੀਤੇ ਹਨ। ਇਹ ਕਾਰਵਾਈ ਪੰਜਾਬ ਪੁਲਿਸ ਵੱਲੋਂ ਤਿੰਨ ਸ਼ੂਟਰਾਂ, ਜਿਨ੍ਹਾਂ ਦੀ ਪਛਾਣ ਨਿਰਮਲ ਸਿੰਘ ਉਰਫ਼ ਨਿੰਮਾ, ਅਪ੍ਰੈਲ ਸਿੰਘ ਉਰਫ਼ ਸ਼ੇਰਾ ਅਤੇ ਜਸਕਰਨ ਸਿੰਘ ਉਰਫ਼ ਕਰਨ ਵਜੋਂ ਕੀਤੀ ਗਈ ਸੀ, ਨੂੰ ਗ੍ਰਿਫਤਾਰ ਕਰਨ ਤੋਂ 15 ਦਿਨਾਂ ਬਾਅਦ ਅਮਲ ਵਿੱਚ ਲਿਆਂਦੀ ਗਈ। ਪੁਲਿਸ ਨੇ ਉਨ੍ਹਾਂ ਦੇ ਕਬਜ਼ੇ ‘ਚੋਂ ਅਪਰਾਧ ਵਿੱਚ ਵਰਤੇ ਗਏ ਤਿੰਨ .32 ਕੈਲੀਬਰ ਪਿਸਤੌਲਾਂ ਸਮੇਤ 10 ਜਿੰਦਾ ਕਾਰਤੂਸ ਅਤੇ ਇੱਕ ਹੁੰਡਈ ਵਰਨਾ ਕਾਰ ਬਰਾਮਦ ਕੀਤੀ ਸੀ। ਦੱਸਣਯੋਗ ਹੈ ਕਿ ਚਾਰ ਹਮਲਾਵਰਾਂ ਨੇ ਮੋਗਾ ਵਿੱਚ 16 ਜੁਲਾਈ, 2023 ਨੂੰ ਸੰਤੋਖ ਸਿੰਘ ਦੇ ਘਰ ਵਿੱਚ ਵੜ ਕੇ ਉਸਦਾ ਕਤਲ ਕਰ ਦਿੱਤਾ ਸੀ।
ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਭਰੋਸੇਮੰਦ ਸੂਤਰ ਮਿਲਣ ਉਪਰੰਤ ਏ.ਡੀ.ਜੀ.ਪੀ. ਪ੍ਰਮੋਦ ਬਾਨ ਦੀ ਸਮੁੱਚੀ ਨਿਗਰਾਨੀ ਹੇਠ ਏ.ਜੀ.ਟੀ.ਐਫ. ਦੀ ਟੀਮ ਨੇ ਮੋਗਾ ਪੁਲਿਸ ਨਾਲ ਮਿਲ ਕੇ ਗੋਪੀ ਡੱਲੇਵਾਲੀਆ ਨੂੰ ਜਲੰਧਰ ਦੇ ਮਹਿਤਪੁਰ ਖੇਤਰ ਤੋਂ ਗ੍ਰਿਫਤਾਰ ਕੀਤਾ ਹੈ। ਗ੍ਰਿਫ਼ਤਾਰ ਵਿਅਕਤੀ ਚਾਰ ਅਪਰਾਧਿਕ ਮਾਮਲਿਆਂ ਵਿੱਚ ਦੋਸ਼ੀ ਹੈ ਅਤੇ ਉਸਨੂੰ 2016 ਦੇ ਗੁਰਾਇਆ ਕਤਲ ਕਾਂਡ ਵਿੱਚ ਭਗੌੜਾ ਕਰਾਰ ਦਿੱਤਾ ਗਿਆ ਸੀ।
ਹੋਰ ਵੇਰਵੇ ਸਾਂਝੇ ਕਰਦਿਆਂ ਏ.ਆਈ.ਜੀ. ਏ.ਜੀ.ਟੀ.ਐਫ. ਸੰਦੀਪ ਗੋਇਲ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਉਰਫ ਗੋਪੀ ਡੱਲੇਵਾਲੀਆ ਅਤੇ ਗੌਰਵ ਸ਼ਰਮਾ ਉਰਫ ਗੋਰੂ ਬੱਚਾ ਇਸ ਘਿਨਾਉਣੇ ਕਤਲ ਦੇ ਮਾਸਟਰਮਾਈਂਡ ਹਨ। ਉਨ੍ਹਾਂ ਕਿਹਾ ਕਿ ਅਗਲੇਰੀ ਜਾਂਚ ਜਾਰੀ ਹੈ। ਇਸ ਸਬੰਧੀ ਕੇਸ ਐਫ.ਆਈ.ਆਰ. ਨੰ. 155 ਮਿਤੀ 16/07/2023 ਨੂੰ ਭਾਰਤੀ ਦੰਡਾਵਲੀ ਦੀ ਧਾਰਾ 302 ਅਤੇ 34 ਅਤੇ ਅਸਲਾ ਐਕਟ ਦੀ ਧਾਰਾ 25 ਅਧੀਨ ਥਾਣਾ ਸਿਟੀ ਮੋਗਾ ਵਿਖੇ ਪਹਿਲਾਂ ਹੀ ਦਰਜ ਹੈ।